ਪ੍ਰੀਤ ਮਨਪ੍ਰੀਤ ਦੀ ਪੁਸਤਕ "ਧੁੱਪ ਛਾਂ ਦਾ ਅਨੁਪਾਤ" ਰਿਲੀਜ਼
ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ
Publish Date: Sat, 07 Mar 2026 05:12 PM (IST)
Updated Date: Sun, 08 Mar 2026 04:07 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋਂ ਸਰਪ੍ਰਸਤ ਗੁਰਮੀਤ ਕੜਿਆਲਵੀ ਦੇ ਨਵੇਂ ਬਣੇ ਘਰ ਕਰਵਾਈ ਸਾਹਿਤਕ ਸ਼ਾਮ ਵਿਚ ਕਨੇਡਾ ਰਹਿੰਦੇ ਸ਼ਾਇਰ ਪ੍ਰੀਤ ਮਨਪ੍ਰੀਤ ਦੀ ਪੁਸਤਕ ਧੁੱਪ ਛਾਂ ਦਾ ਅਨੁਪਾਤ ਲੋਕ ਅਰਪਣ ਕੀਤੀ ਗਈ। ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ, ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ, ਮੀਤ ਪ੍ਰਧਾਨ ਧਾਮੀ ਗਿੱਲ, ਕਾਰਜ ਕਰਨੀ ਮੈਂਬਰ ਜਸਵਿੰਦਰ ਸੋਨੀ ਮੋਗਾ, ਜਸਵਿੰਦਰ ਰੱਤੀਆਂ, ਸਿਮਰਜੀਤ ਸਿੰਮੀ ਅਤੇ ਹਾਜ਼ਰ ਸਾਹਿਤਕਾਰਾਂ ਨੇ ਨਿਭਾਈ। ਪੁਸਤਕ ਬਾਰੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਪ੍ਰੀਤ ਮਨਪ੍ਰੀਤ ਜ਼ਮੀਨ ਨਾਲ਼ ਜੁੜਿਆ ਸ਼ਾਇਰ ਹੈ। ਉਸਦੀ ਸ਼ਾਇਰੀ ਵਿਚ ਸੰਗੀਤ, ਸੋਹਜ ਅਤੇ ਸੂਖ਼ਮਤਾ ਹੈ। ਮਨਪ੍ਰੀਤ ਦੀ ਗਜ਼ਲ ਜਿੱਥੇ ਹੁਨਰੀ ਅਤੇ ਕਲਾਮਈ ਪਾਬੰਦੀਆਂ ਦਾ ਬਰੀਕੀਆਂ ਨਾਲ਼ ਪਾਲਣ ਕਰਦੀ ਹੈ, ਉੱਥੇ ਵਿਚਾਰ ਨੂੰ ਵੀ ਪ੍ਰਮੁੱਖਤਾ ਨਾਲ਼ ਪੇਸ਼ ਕਰਦੀ ਹੈ। ਮੈਲਾਨਿਨ ਵਰਗੀ ਚਰਚਿਤ ਪੁਸਤਕ ਦੇ ਰਚੇਤਾ ਜਸਵਿੰਦਰ ਧਰਮਕੋਟ ਨੇ ਕਿਹਾ ਕਿ ਮਨਪ੍ਰੀਤ ਦੀ ਸ਼ਾਇਰੀ ਵਿਚ ਮਾਨਵੀ ਸਰੋਕਾਰਾਂ ਦੀ ਕਲਾਤਮਕ ਪੇਸ਼ਕਾਰੀ ਹੋਈ ਹੈ। ਗੁਰਪ੍ਰੀਤ ਧਰਮਕੋਟ ਨੇ ਕਿਹਾ ਕਿ ਪ੍ਰੀਤ ਮਨਪ੍ਰੀਤ ਦੀ ਕਾਵਿ ਪੁਸਤਕ ਪੰਜਾਬੀ ਸਾਹਿਤ ਦੇ ਖਜ਼ਾਨੇ ਵਿਚ ਜ਼ਿਕਰਯੋਗ ਵਾਧਾ ਕਰਦੀ ਹੈ। ਧਾਮੀ ਗਿੱਲ ਪ੍ਰੀਤ ਮਨਪ੍ਰੀਤ ਦੀ ਸ਼ਾਇਰੀ ਨੂੰ ਪੰਜਾਬੀ ਮਾਂ ਬੋਲੀ ਦਾ ਸੁਹੱਪਣ ਅਤੇ ਮੁਹਾਂਦਰਾ ਸੰਵਾਰਨ ਵਾਲੀ ਸ਼ਾਇਰੀ ਕਿਹਾ। ਨਵਨੀਤ ਸਿੰਘ ਸੇਖਾ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ। ਰਚਨਾਵਾਂ ਦੇ ਦੌਰ ਵਿਚ ਮਹਿਮਾਨ ਸ਼ਾਇਰਾਂ ਪ੍ਰੀਤ ਮਨਪ੍ਰੀਤ ਅਤੇ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਰਹਿੰਦੇ ਜੱਗੀ ਜੌਹਲ ਨੇ ਭਾਵਪੂਰਤ ਤੇ ਸੋਹਜ ਭਰਪੂਰ ਸ਼ਾਇਰੀ ਨਾਲ਼ ਸ਼ਾਮ ਨੂੰ ਸੁਹਾਵਣਾ ਬਣਾ ਦਿੱਤਾ। ਇੰਗਲੈਂਡ ਰਹਿੰਦੇ ਨਾਵਲਕਾਰ ਕਹਾਣੀਕਾਰ ਜਸਵਿੰਦਰ ਰੱਤੀਆਂ ਨੇ ਪਰਵਾਸ ਦੇ ਆਪਣੇ ਅਨੁਭਵ ਸਾਂਝੇ ਕੀਤੇ। ਜਸਵਿੰਦਰ ਸੋਨੀ ਮੋਗਾ, ਅਮਰਪ੍ਰੀਤ ਕੌਰ ਸੰਘਾ, ਧਾਮੀ ਗਿੱਲ ਅਤੇ ਦਰਸ਼ਨ ਦੁਸਾਂਝ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਮੰਚ ਵੱਲੋਂ ਪ੍ਰਵਾਸੀ ਲੇਖਕਾਂ ਜਸਵਿੰਦਰ ਰੱਤੀਆਂ ਇੰਗਲੈਂਡ, ਪ੍ਰੀਤ ਮਨਪ੍ਰੀਤ ਕਨੇਡਾ ਅਤੇ ਜੱਗੀ ਜੌਹਲ ਆਸਟ੍ਰੇਲੀਆ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਆਪਣੇ ਵਿਆਹ ਦੀ ਸਿਲਵਰ ਜੁਬਲੀ ਮਨਾ ਰਹੀ ਮੰਚ ਦੀ ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ ਤੇ ਉਸਦੇ ਪਤੀ ਜਗਜੀਤ ਸਿੰਘ ਸੰਘਾ ਨੂੰ ਵੀ ਸਨਮਾਨ ਕੀਤਾ ਗਿਆ। ਕਰਵ ਪਲੱਸ ਇੰਮੀਗ੍ਰੇਸ਼ਨ ਦੇ ਡਾਇਰੈਕਟਰ ਅਮਨਦੀਪ ਅਤੇ ਉੱਘੇ ਸਮਾਜ ਸੇਵੀ ਡਾ. ਹਰਨੇਕ ਰੋਡੇ ਨੇ ਵੀ ਆਪਣੇ ਭਾਵਪੂਰਤ ਵਿਚਾਰ ਸਾਂਝੇ ਕੀਤੇ। ਜਸਵਿੰਦਰ ਧਰਮਕੋਟ ਨੇ ਆਪਣੀ ਪੁਸਤਕ ਮੈਲਾਨਿਨ ਪ੍ਰਵਾਸੀ ਲੇਖਕਾਂ ਨੂੰ ਭੇਂਟ ਕੀਤੀ।