ਦਸਮੇਸ਼ ਸਕੂਲ ’ਚ ਵਿਸ਼ਵ ਸ਼ਾਂਤੀ ਲਈ ਕੀਤੀਆਂ ਦੁਆਵਾਂ
ਤੀਜੀ ਵਿਸ਼ਵ ਜੰਗ ਦੇ ਮੁਹਾਣੇ ’ਤੇ
Publish Date: Mon, 09 Mar 2026 04:04 PM (IST)
Updated Date: Tue, 10 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਤੀਜੀ ਵਿਸ਼ਵ ਜੰਗ ਦੇ ਮੁਹਾਣੇ ’ਤੇ ਖੜ੍ਹੇ ਸੰਸਾਰ ਦੇ ਲੋਕਾਂ ਲਈ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਵਿਸ਼ਵ ਸ਼ਾਂਤੀ ਲਈ ਦੁਆਵਾਂ ਕੀਤੀਆਂ ਗਈਆਂ। ਇਸ ਮੌਕੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਇਰਾਨ ਦੇ ਇਕ ਪ੍ਰਾਇਮਰੀ ਸਕੂਲ ਵਿਚ ਨਿਰਦੋਸ਼ ਮਾਰੀਆਂ ਗਈਆਂ ਡੇਢ ਸੌ ਤੋਂ ਵੱਧ ਛੋਟੀਆਂ ਬੱਚੀਆਂ ਨੂੰ ਸ਼ਰਧਾ ਦੇ ਫ਼ੁੱਲ ਅਰਪਿਤ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਸਾਮਰਾਜੀ ਸ਼ਕਤੀਆਂ ਆਮ ਲੋਕਾਂ ਨੂੰ ਜੰਗ ਦੀ ਭੱਠੀ ਵਿਚ ਝੋਕਦੀਆਂ ਹਨ। ਇਸ ਦੀ ਤਾਜ਼ਾ ਉਦਾਹਰਣ ਪ੍ਰਾਇਮਰੀ ਸਕੂਲ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਅਤੇ ਹੋਰ ਆਮ ਹਜ਼ਾਰਾਂ ਬੇਦੋਸ਼ੇ ਲੋਕਾਂ ਦੇ ਮੌਤ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਮਨੁੱਖਤਾ ਦੇ ਕਾਤਲ ਜੰਗਬਾਜਾਂ ਨੂੰ ਸੁਮੱਤ ਬਖਸ਼ਣ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਜੋਕੀ ਦੁਨੀਆ ਗਲੋਬਲ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ। ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਡਿੱਗੀ ਅੱਗ ਦੀ ਚਿੰਗਾੜੀ ਸਮੁੱਚੇ ਵਿਸ਼ਵ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਾਈਚਾਰੇ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਅਰਬ ਦੇਸ਼ਾਂ ਤੇ ਥੋਪੀ ਗਈ ਇਸ ਜੰਗ ਦਾ ਡਟਵਾਂ ਵਿਰੋਧ ਕਰਨਾ ਬਣਦਾ ਹੈ। ਵਾਈਸ ਪ੍ਰਿੰਸੀਪਲ ਮੀਨਾ ਜੈਨ ਨੇ ਕਿਹਾ ਕਿ ਯੁੱਧ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਕੁਝ ਨੇਤਾਵਾਂ ਦੀ ਹਉਮੈ ਦਾ ਸ਼ਿਕਾਰ ਦੁਨੀਆ ਦੇ ਆਮ ਲੋਕ ਬਣਦੇ ਹਨ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਪ੍ਰਭਾਵੀ ਦੇਸ਼ਾਂ ਨੂੰ ਕੂਟਨੀਤਕ ਢੰਗ ਨਾਲ ਇਹ ਜੰਗ ਰੋਕਣ ਲਈ ਅਮਰੀਕਾ ਅਤੇ ਇਜ਼ਰਾਈਲ ਤੇ ਦਬਾਅ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਜੰਗ ਕਾਰਨ ਆਮ ਲੋਕਾਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਤ ਰੌਸ਼ਨੀ ਪਾਈ।