ਰਸੋਈ ਗੈਸ ਦੀ ਕਮੀ ਕਾਰਨ ਔਰਤਾਂ ਪਰੇਸ਼ਾਨ
ਕੇਂਦਰ ਸਰਕਾਰ ਵੱਲੋਂ ਮੁਫ਼ਤ ਗੈ
Publish Date: Sun, 22 Mar 2026 03:52 PM (IST)
Updated Date: Mon, 23 Mar 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਕੇਂਦਰ ਸਰਕਾਰ ਵੱਲੋਂ ਮੁਫ਼ਤ ਗੈਸ ਸਿਲੰਡਰ ਯੋਜਨਾ ਦੇ ਬਾਵਜੂਦ, ਜ਼ਮੀਨੀ ਹਕੀਕਤ ਕੁੱਝ ਹੋਰ ਹੀ ਦਿਖਾਈ ਦੇ ਰਹੀ ਹੈ। ਗੈਸ ਸਿਲੰਡਰਾਂ ਦੀ ਘਾਟ ਕਾਰਨ ਗਰੀਬ ਮਜ਼ਦੂਰ ਵਰਗ ਦੀਆਂ ਔਰਤਾਂ ਨੂੰ ਅੱਜ ਵੀ ਪੁਰਾਣੇ ਤਰੀਕਿਆਂ ਨਾਲ ਬਾਲਣ ਇਕੱਠਾ ਕਰਕੇ ਚੁੱਲ੍ਹੇ ਜਲਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਇਸ ਮਸਲੇ ਨੂੰ ਲੈ ਕੇ ਅੱਜ ਕੁੱਝ ਮਹਿਲਾਵਾਂ ਨੇ ਡੀਸੀ ਕੰਪਲੈਕਸ ਮੋਗਾ ਵਿਖੇ ਬਾਲਣ ਚੁੱਕਦੀਆਂ ਹੋਈਆਂ ਨੇ ਦਰਦ ਸਾਂਝਾ ਕੀਤਾ। ਇਸ ਮੌਕੇ ਪਿੰਡ ਦੁੱਨੇਕੇ ਦੀ ਰਹਿਣ ਵਾਲੀ ਗੁਰਮੀਤ ਕੌਰ, ਮਨਜੀਤ ਕੌਰ ਅਤੇ ਬਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਮੁਫ਼ਤ ਗੈਸ ਸਿਲੰਡਰ ਤਾਂ ਮਿਲੇ ਹੋਏ ਹਨ ਪਰ ਸਮੇਂ ਸਿਰ ਰੀਫ਼ਿਲ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ’ਤੇ ਚੱਲ ਰਹੇ ਤਣਾਅ ਕਾਰਨ ਗੈਸ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਸਿਲੰਡਰ ਉਪਲਬਧ ਨਹੀਂ ਹੋ ਰਹੇ। ਮਹਿਲਾਵਾਂ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਗੈਸ ਏਜੰਸੀ ਦੇ ਚੱਕਰ ਕੱਟਦੀਆਂ ਹਨ ਪਰ ਉਥੋਂ ਇੱਕੋ ਜਵਾਬ ਮਿਲਦਾ ਹੈ “ਹਾਲੇ ਗੱਡੀ ਨਹੀਂ ਆਈ, ਕੁੱਝ ਦਿਨ ਹੋਰ ਇੰਤਜ਼ਾਰ ਕਰੋ।”ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ 12 ਤਾਰੀਖ਼ ਨੂੰ ਸਿਲੰਡਰ ਬੁੱਕ ਕਰਵਾਇਆ ਗਿਆ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲਿਆ। ਇਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਖੇਤਾਂ ਵਿਚੋਂ ਲੱਕੜੀਆਂ ਅਤੇ ਹੋਰ ਬਾਲਣ ਇਕੱਠਾ ਕਰਨਾ ਪੈ ਰਿਹਾ ਹੈ ਤਾਂ ਜੋ ਘਰ ਦਾ ਚੁੱਲ੍ਹਾ ਜਲ ਸਕੇ। ਉਨ੍ਹਾਂ ਹੋਰ ਦੱਸਿਆ ਕਿ ਸਵੇਰੇ 6 ਵਜੇ ਉੱਠ ਕੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ ਅਤੇ ਉਨ੍ਹਾਂ ਲਈ ਖਾਣਾ ਬਣਾਉਣਾ ਪੈਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਰੁਜ਼ਗਾਰ ਲਈ ਵੀ ਜਾਣਾ ਹੁੰਦਾ ਹੈ। ਅਜਿਹੇ ਵਿਚ ਗੈਸ ਸਿਲੰਡਰ ਦੀ ਕਮੀ ਨੇ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਮੁਸ਼ਕਲ ਬਣਾ ਦਿੱਤੀ ਹੈ। ਮਹਿਲਾਵਾਂ ਨੇ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਜਲਦੀ ਸੁਧਾਰਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਦਿਨ-ਚੜ੍ਹਦੀ ਜ਼ਿੰਦਗੀ ਵਿਚ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।