ਮੁਫ਼ਤ ਵੰਡ ਨਾਲ ਨਹੀਂ, ਰੋਜ਼ੀ-ਰੋਟੀ ਤੇ ਚੰਗੀ ਪੜ੍ਹਾਈ ਨਾਲ ਉੱਠੇਗਾ ਗ਼ਰੀਬ ਵਰਗ : ਗੁਪਤਾ
ਅਖੰਡ ਮਨੁੱਖਤਾ ਅਤੇ ਅੰਤਯੋਦਯ
Publish Date: Wed, 11 Feb 2026 06:45 PM (IST)
Updated Date: Wed, 11 Feb 2026 06:47 PM (IST)

ਵਕੀਲ ਮਹਿਰੋਂ 0 ਪੰਜਾਬੀ ਜਾਗਰਣ ਮੋਗਾ : ਅਖੰਡ ਮਨੁੱਖਤਾ ਅਤੇ ਅੰਤੋਦਿਆ ਦੇ ਉਪਦੇਸ਼ਕ ਪੰਡਿਤ ਦੀਨਦਿਆਲ ਉਪਾਧਿਆਏ ਦੀ ਬਰਸੀ ਮੌਕੇ ਮੋਗਾ ਵਿਚ ਇਕ ਵਿਚਾਰ ਸਭਾ ਕਰਵਾਈ ਗਈ। ਇਸ ਦੌਰਾਨ ਭਾਜਪਾ ਦੇ ਸੂਬਾ ਉਪ ਪ੍ਰਧਾਨ ਜੀਵਨ ਗੁਪਤਾ ਨੇ ਆਖਿਆ ਕਿ ਗਰੀਬਾਂ ਨੂੰ ਸਿਰਫ਼ ਮੁਫ਼ਤ ਸਹੂਲਤਾਂ ਦੇ ਦੇਣ ਨਾਲ ਉਨ੍ਹਾਂ ਦੀ ਕਿਸਮਤ ਨਹੀਂ ਬਦਲਦੀ, ਅਸਲ ਤਰੱਕੀ ਉਦੋਂ ਹੁੰਦੀ ਹੈ, ਜਦੋਂ ਮਨੁੱਖ ਨੂੰ ਆਪਣੀ ਰੋਜ਼ੀ ਕਮਾਉਣ ਦੇ ਮੌਕੇ ਮਿਲਣ ਅਤੇ ਉਸਦੇ ਬੱਚਿਆਂ ਨੂੰ ਵਧੀਆ ਪੜ੍ਹਾਈ ਪ੍ਰਾਪਤ ਹੋਵੇ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚ ਅਕਸਰ ਮੁਫ਼ਤ ਵੰਡ ਦੇ ਐਲਾਨ ਕੀਤੇ ਜਾਂਦੇ ਹਨ ਪਰ ਇਸ ਨਾਲ ਗਰੀਬੀ ਦੀ ਜੜ੍ਹ ਨਹੀਂ ਮੁੱਕਦੀ। ਦੀਨਦਿਆਲ ਉਪਾਧਿਆਏ ਦੀ ਸੋਚ ਸੀ ਕਿ ਸਮਾਜ ਦੇ ਆਖ਼ਰੀ ਕਤਾਰ ਵਿਚ ਖੜ੍ਹੇ ਬੰਦੇ ਨੂੰ ਮਜ਼ਬੂਤ ਕੀਤਾ ਜਾਵੇ। ਜੇਕਰ ਉਸਨੂੰ ਹੁਨਰ, ਕੰਮ ਅਤੇ ਸਨਮਾਨ ਨਾਲ ਜਿਊਣ ਦਾ ਹੱਕ ਮਿਲੇਗਾ ਤਾਂ ਹੀ ਸਮਾਜ ਖੁਸ਼ਹਾਲ ਹੋਵੇਗਾ। ਇਸ ਮੌਕੇ ਉਨ੍ਹਾਂ ਅਖੰਡ ਮਨੁੱਖਤਾ ਬਾਰੇ ਗੱਲ ਕਰਦਿਆਂ ਜੀਵਨ ਗੁਪਤਾ ਨੇ ਆਖਿਆ ਕਿ ਮਨੁੱਖ, ਸਮਾਜ ਅਤੇ ਦੇਸ਼ ਇਕ ਦੂਜੇ ਨਾਲ ਜੁੜੇ ਹੋਏ ਹਨ। ਜਦੋਂ ਅਸੀਂ ਆਪਣੇ ਘਰ ਦੀ ਸੋਚਦੇ ਹਾਂ ਤਾਂ ਨਾਲ ਹੀ ਦੇਸ਼ ਦੀ ਭਲਾਈ ਵੀ ਮਨ ਵਿਚ ਹੋਣੀ ਚਾਹੀਦੀ ਹੈ। ਦੇਸ਼ ਸੇਵਾ ਅਤੇ ਸਮਰਪਣ ਦੀਨਦਿਆਲ ਉਪਾਧਿਆਏ ਦੇ ਜੀਵਨ ਦਾ ਕੇਂਦਰ ਸੀ, ਜਿਸ ਨੂੰ ਅੱਜ ਵੀ ਅਪਣਾਉਣ ਦੀ ਲੋੜ ਹੈ। ਉਨ੍ਹਾਂ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫੈਸਲਾ ਲੰਮੇ ਸਮੇਂ ਦੀ ਸੋਚ ਅਤੇ ਸੰਘਰਸ਼ ਦਾ ਨਤੀਜਾ ਸੀ। ਆਜ਼ਾਦੀ ਤੋਂ ਬਾਅਦ ਜਦੋਂ ਇਹ ਪ੍ਰਬੰਧ ਲਾਗੂ ਕੀਤਾ ਗਿਆ, ਤਦ ਜਨ ਸੰਘ ਦੇ ਆਗੂਆਂ ਨੇ ਇਸਦਾ ਡੱਟ ਕੇ ਵਿਰੋਧ ਕੀਤਾ। ਉਹੀ ਵਿਚਾਰ ਅੱਜ ਵੀ ਜਿਊਂਦਾ ਹੈ ਅਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਿੰਦੂ ਰਾਸ਼ਟਰ ਦੀ ਭਾਵਨਾ ਕਿਸੇ ਇਕ ਧਰਮ ਲਈ ਦੇਸ਼ ਬਣਾਉਣ ਦੀ ਗੱਲ ਨਹੀਂ ਕਰਦੀ ਸਗੋਂ ਇਹ ਸਾਰਿਆਂ ਦੇ ਭਲੇ ਅਤੇ ਦੇਸ਼ ਦੀ ਇੱਜ਼ਤ, ਸ਼ਾਨ ਨੂੰ ਉੱਚਾ ਕਰਨ ਦੀ ਸੋਚ ਹੈ। ਦੁਨੀਆ ਵਿਚ ਅਮਨ ਅਤੇ ਭਰਾਤਰੀ ਭਾਵ ਬਣਾਉਣ ਲਈ ਇਹ ਸੋਚ ਜ਼ਰੂਰੀ ਹੈ। ਸਭਾ ਦੀ ਅਗਵਾਈ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕੀਤੀ। ਉਨ੍ਹਾਂ ਜੀਵਨ ਗੁਪਤਾ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਇਸ ਵਿਚਾਰਧਾਰਾ ਨੂੰ ਹਰ ਪਿੰਡ ਤੇ ਹਰ ਘਰ ਤੱਕ ਪਹੁੰਚਾਉਣ ਲਈ ਡੱਟ ਕੇ ਮਿਹਨਤ ਕਰੇਗੀ। ਜ਼ਿਲ੍ਹਾ ਮਹਾਂ ਸਕੱਤਰ ਮੁਖਤਿਆਰ ਸਿੰਘ ਨੇ ਮੰਚ ਸੰਭਾਲਿਆ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਵਿਨੈ ਸ਼ਰਮਾ ਤੇ ਹੋਰ ਕਈ ਆਗੂ ਹਾਜ਼ਰ ਸਨ।