- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਚ ਹਰ ਸਾਲ ਦੀ ਤਰ੍ਹਾਂ ਇਸ

ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ: ਪੰਜਾਬ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਮੋਗਾ ਦੀ ਅਨਾਜ਼ ਮੰਡੀ ਜੋ ਕਿ ਏਸ਼ੀਆ ਦੀਆਂ ਵੱਡੀਆਂ ਮੰਡੀਆਂ ਵਿਚ ਆਪਣੀ ਖ਼ਾਸ ਪਛਾਣ ਰੱਖਦੀ ਹੈ, ਵਿਚ ਹਜ਼ਾਰਾਂ ਕਿਸਾਨ ਆਪਣੀ ਫ਼ਸਲ ਵੇਚਣ ਲਈ ਪਹੁੰਚਦੇ ਹਨ ਪਰ ਖ਼ਰੀਦ ਸੀਜ਼ਨ ਦੇ ਆਰੰਭ ਤੋਂ ਠੀਕ ਪਹਿਲਾਂ ਮੰਡੀ ਦੇ ਹਾਲਾਤਾਂ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਮੌਕੇ ’ਤੇ ਮੰਡੀ ਦਾ ਜਾਇਜ਼ਾ ਲੈਣ ’ਤੇ ਸਾਹਮਣੇ ਆਇਆ ਕਿ ਇੱਥੇ ਸਫ਼ਾਈ ਦੀ ਸਥਿਤੀ ਬਹੁਤ ਹੀ ਖ਼ਰਾਬ ਹੈ। ਮੰਡੀ ਦੇ ਵੱਖ-ਵੱਖ ਹਿੱਸਿਆਂ ਵਿਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਤੋਂ ਉੱਠਦੀ ਬਦਬੂ ਕਾਰਨ ਮਾਹੌਲ ਪ੍ਰਦੂਸ਼ਿਤ ਹੋ ਰਿਹਾ ਹੈ। ਇਹ ਗੰਦਗੀ ਨਾ ਸਿਰਫ਼ ਕਿਸਾਨਾਂ ਲਈ ਅਸੁਵਿਧਾ ਪੈਦਾ ਕਰਦੀ ਹੈ, ਸਗੋਂ ਮੱਖੀਆਂ-ਮੱਛਰਾਂ ਦੇ ਵਾਧੇ ਨਾਲ ਬਿਮਾਰੀਆਂ ਦੇ ਫ਼ੈਲਣ ਦਾ ਖ਼ਤਰਾ ਵੀ ਵਧਾ ਰਹੀ ਹੈ।
----
ਸਫ਼ਾਈ ਪ੍ਰਬੰਧ ਪੂਰੀ ਤਰ੍ਹਾਂ ਨਾਕਾਮ
ਮੰਡੀ ਵਿਚ ਸਫ਼ਾਈ ਲਈ ਕੋਈ ਢੰਗ ਦਾ ਪ੍ਰਬੰਧ ਦਿਖਾਈ ਨਹੀਂ ਦਿੱਤਾ। ਕੂੜਾ-ਕਰਕਟ ਲੰਮੇ ਸਮੇਂ ਤੋਂ ਇਕੱਠਾ ਹੋ ਰਿਹਾ ਹੈ ਪਰ ਇਸਦੀ ਸਫ਼ਾਈ ਲਈ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਜਾ ਰਹੀ। ਮਾਰਕੀਟ ਕਮੇਟੀ ਵੱਲੋਂ ਸਫ਼ਾਈ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ।
-----
ਪੀਣ ਵਾਲੇ ਪਾਣੀ ਦੀ ਕਮੀ, ਵਾਟਰ ਕੂਲਰ ਬੇਕਾਰ
ਕਿਸਾਨਾਂ ਲਈ ਸਭ ਤੋਂ ਵੱਡੀ ਮੁਸ਼ਕਲ ਪੀਣ ਵਾਲੇ ਪਾਣੀ ਦੀ ਹੈ। ਮੰਡੀ ਵਿਚ ਵਾਟਰ ਕੂਲਰ ਤਾਂ ਲੱਗੇ ਹੋਏ ਹਨ ਪਰ ਉਨ੍ਹਾਂ ਦੀਆਂ ਟੂਟੀਆਂ ਗਾਇਬ ਹਨ, ਜਿਸ ਕਾਰਨ ਉਹ ਬਿਲਕੁਲ ਬੇਕਾਰ ਹੋ ਚੁੱਕੇ ਹਨ। ਇਸ ਕਰਕੇ ਦੂਰ-ਦੂਰ ਤੋਂ ਆਉਣ ਵਾਲੇ ਕਿਸਾਨਾਂ ਨੂੰ ਪਾਣੀ ਲਈ ਭਟਕਣਾ ਪੈ ਸਕਦੀ ਹੈ।
----
ਬੈਠਣ ਅਤੇ ਆਰਾਮ ਦੀ ਕੋਈ ਸਹੂਲਤ ਨਹੀਂ
ਮੰਡੀ ਵਿਚ ਕਿਸਾਨਾਂ ਲਈ ਬੈਠਣ ਜਾਂ ਛਾਂਅ ਦੀ ਕੋਈ ਢੰਗ ਦੀ ਵਿਵਸਥਾ ਨਹੀਂ ਕੀਤੀ ਗਈ। ਹਰ ਸਾਲ ਖ਼ਰੀਦ ਦੌਰਾਨ ਕਿਸਾਨਾਂ ਨੂੰ ਘੰਟਿਆਂ, ਕਈ ਵਾਰ ਦਿਨਾਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਐਸੇ ਵਿਚ ਬੁਨਿਆਦੀ ਸਹੂਲਤਾਂ ਦੀ ਕਮੀ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੰਦੀ ਹੈ।
ਅਧਿਕਾਰੀਆਂ ਦੇ ਦਾਅਵੇ “ਸਭ ਕੁੱਝ ਹੋਵੇਗਾ ਠੀਕ”
ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 1 ਅਪ੍ਰੈਲ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੇ ਅਨੁਸਾਰ ਸਫ਼ਾਈ, ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਜਲਦੀ ਹੀ ਸੁਧਾਰ ਦਿੱਤੀਆਂ ਜਾਣਗੀਆਂ ਪਰ ਮੌਕੇ ’ਤੇ ਵੇਖੀ ਹਕੀਕਤ ਇਹ ਦਰਸਾਉਂਦੀ ਹੈ ਕਿ ਇਹ ਕੰਮ ਹਾਲੇ ਕਾਫ਼ੀ ਪਿੱਛੇ ਹੈ।
----
ਸੀਐੱਮ ਦੀ ਰੈਲੀ ਤੋਂ ਪਹਿਲਾਂ ਵੀ ਮੰਡੀ ਬੇਹਾਲ
ਇਸ ਸਾਰੀ ਸਥਿਤੀ ਨੂੰ ਹੋਰ ਵੀ ਗੰਭੀਰ ਬਣਾਉਂਦੀ ਗੱਲ ਇਹ ਹੈ ਕਿ 4 ਅਪ੍ਰੈਲ ਨੂੰ ਇਸੇ ਮੰਡੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਹੋਣੀ ਨਿਰਧਾਰਤ ਹੈ। ਇਸ ਦੇ ਬਾਵਜੂਦ ਮੰਡੀ ਵਿਚ ਬੁਨਿਆਦੀ ਸਹੂਲਤਾਂ ਦੀ ਕਮੀ ਅਤੇ ਗੰਦਗੀ ਦੇ ਢੇਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੇ ਹਨ।
----
ਕਿਸਾਨਾਂ ਵਿਚ ਨਾਰਾਜ਼ਗੀ ਅਤੇ ਚਿੰਤਾ
ਮੰਡੀ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਿਸਾਨਾਂ ਵਿਚ ਨਾਰਾਜ਼ਗੀ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਖ਼ਰੀਦ ਸੀਜ਼ਨ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨ ’ਤੇ ਹਕੀਕਤ ਬਿਲਕੁਲ ਵੱਖਰੀ ਹੁੰਦੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਸਫ਼ਾਈ, ਪਾਣੀ ਅਤੇ ਬੈਠਣ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
-----
ਪ੍ਰਸ਼ਾਸਨ ਲਈ ਵੱਡੀ ਕਸੌਟੀ
ਹੁਣ ਸਭ ਦੀ ਨਿਗ੍ਹਾ ਇਸ ਗੱਲ ’ਤੇ ਹੈ ਕਿ ਕੀ ਮਾਰਕੀਟ ਕਮੇਟੀ ਅਤੇ ਪ੍ਰਸ਼ਾਸਨ ਆਪਣੇ ਦਾਅਵਿਆਂ ’ਤੇ ਖਰੇ ਉੱਤਰਦੇ ਹਨ ਜਾਂ ਨਹੀਂ। ਖ਼ਰੀਦ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੰਡੀ ਦੇ ਹਾਲਾਤ ਸੁਧਾਰਨਾ ਪ੍ਰਸ਼ਾਸਨ ਲਈ ਇਕ ਵੱਡੀ ਕਸੌਟੀ ਬਣ ਚੁੱਕੀ ਹੈ। ਜੇਕਰ ਸਮੇਂ ਸਿਰ ਪ੍ਰਬੰਧ ਨਾ ਕੀਤੇ ਗਏ ਤਾਂ ਇਸਦਾ ਸਿੱਧਾ ਪ੍ਰਭਾਵ ਕਿਸਾਨਾਂ ’ਤੇ ਪਵੇਗਾ ਅਤੇ ਖ਼ਰੀਦ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਸਕਦੀ ਹੈ।