ਮੇਅਰ ਚੋਣ ਨੂੰ ਲੈ ਕੇ ਮੋਗਾ ਨਗਰ ਨਿਗਮ ’ਚ ਸਿਆਸੀ ਘਮਾਸਾਨ
ਮੋਗਾ ਨਗਰ ਨਿਗਮ ਵਿਚ ਮੇਅਰ
Publish Date: Thu, 08 Jan 2026 03:33 PM (IST)
Updated Date: Fri, 09 Jan 2026 04:00 AM (IST)

ਕਾਰਜਕਾਰੀ ਮੇਅਰ ਦਾ ਇਕ ਮਹੀਨਾ ਪੂਰਾ, ਤੁਰੰਤ ਚੋਣ ਕੀਤੀ ਜਾਵੇ : ਮਾਲਵਿਕਾ ਸੂਦ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਮੋਗਾ ਨਗਰ ਨਿਗਮ ਵਿਚ ਮੇਅਰ ਦੇ ਪਦ ਨੂੰ ਲੈ ਕੇ ਸਿਆਸੀ ਤਣਾਅ ਦਿਨੋਂ-ਦਿਨ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਦੇ ਅਸਤੀਫੇ ਤੋਂ ਬਾਅਦ ਖਾਲੀ ਪਏ ਮੇਅਰ ਦੇ ਪਦ ‘ਤੇ ਨਿਯਮਤ ਚੋਣ ਨਾ ਕਰਵਾਏ ਜਾਣ ਨੂੰ ਲੈ ਕੇ ਹੁਣ ਵਿਰੋਧੀ ਧਿਰ ਨੇ ਸਿੱਧਾ ਕਾਨੂੰਨੀ ਰਸਤਾ ਅਪਣਾ ਲਿਆ ਹੈ। ਨਗਰ ਨਿਗਮ ਦੇ ਵਿਰੋਧੀ ਪਾਰਸ਼ਦ ਪੰਜਾਬ-ਹਰਿਆਣਾ ਹਾਈਕੋਰਟ ਦੀ ਸ਼ਰਨ ਵਿਚ ਪਹੁੰਚ ਗਏ ਹਨ, ਜਿਸ ਨਾਲ ਇਹ ਮਾਮਲਾ ਸੂਬਾ ਪੱਧਰ ‘ਤੇ ਵੀ ਚਰਚਾ ਦਾ ਕੇਂਦਰ ਬਣ ਗਿਆ ਹੈ। ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਨਿਯਮਾਂ ਮੁਤਾਬਕ ਕਾਰਜਕਾਰੀ ਮੇਅਰ ਦਾ ਕਾਰਜਕਾਲ ਸਿਰਫ਼ ਇਕ ਮਹੀਨੇ ਲਈ ਹੀ ਹੁੰਦਾ ਹੈ, ਜੋ ਹੁਣ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰਿਕ ਪ੍ਰਣਾਲੀ ਦੀ ਇੱਜ਼ਤ ਕਰਦੇ ਹੋਏ ਸਰਕਾਰ ਨੂੰ ਤੁਰੰਤ ਮੇਅਰ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਮਾਲਵਿਕਾ ਸੂਦ ਨੇ ਆਖਿਆ ਕਿ ਮੋਗਾ ਸ਼ਹਿਰ ਨੂੰ ਲੰਮੇ ਸਮੇਂ ਤੱਕ ਅਸਥਾਈ ਪ੍ਰਬੰਧ ਹੇਠ ਰੱਖਣਾ ਨਗਰ ਨਿਗਮ ਅਤੇ ਸ਼ਹਿਰ ਦੇ ਵਿਕਾਸ ਦੋਵਾਂ ਲਈ ਨੁਕਸਾਨਦਾਇਕ ਹੈ। ਉਨ੍ਹਾਂ ਦੱਸਿਆ ਕਿ ਹਾਈਕੋਰਟ ਜਾਣ ਤੋਂ ਪਹਿਲਾਂ ਵਿਰੋਧੀ ਪਾਰਸ਼ਦਾਂ ਵੱਲੋਂ 24 ਦਸੰਬਰ ਨੂੰ ਨਗਰ ਨਿਗਮ ਵਿਭਾਗ ਦੇ ਸਕੱਤਰ, ਡਾਇਰੈਕਟਰ, ਡਿਪਟੀ ਕਮਿਸ਼ਨਰ ਮੋਗਾ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਲਿਖਤੀ ਪੱਤਰ ਭੇਜ ਕੇ ਮੇਅਰ ਚੋਣ ਕਰਵਾਉਣ ਦੀ ਮੰਗ ਕੀਤੀ ਗਈ ਸੀ। ਪਰ ਜਦੋਂ ਲੰਮੇ ਸਮੇਂ ਤੱਕ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ, ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਅਦਾਲਤੀ ਦਰਵਾਜ਼ਾ ਖੜਕਾਉਣਾ ਪਿਆ। ਇਸ ਸਬੰਧੀ ਯਾਚਿਕਾ ਦੀ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਵਾ ਦਿੱਤੀ ਗਈ ਹੈ। ਚਾਨੀ ਦੇ ਅਸਤੀਫੇ ਤੋਂ ਪੰਜਵੇਂ ਦਿਨ 2 ਦਸੰਬਰ ਨੂੰ ਸੱਤਾਧਾਰੀ ਦਲ ਵੱਲੋਂ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ ਨੂੰ ਕਾਰਜਕਾਰੀ ਮੇਅਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਸੀ। ਹੁਣ ਜਦੋਂ ਕਾਰਜਕਾਰੀ ਮੇਅਰ ਦਾ ਇਕ ਮਹੀਨੇ ਦਾ ਸਮਾਂ ਵੀ ਪੂਰਾ ਹੋ ਗਿਆ ਹੈ, ਤਾਂ ਵਿਰੋਧੀ ਧਿਰ ਵੱਲੋਂ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਮੌਕੇ ਸਾਹਿਲ ਅਰੋੜਾ, ਡਾ. ਰੀਮਾ ਸੂਦ, ਅਮਨਦੀਪ ਕੌਰ ਮਾਨ, ਵਿਜੇ ਕੁਮਾਰ ਖੁਰਾਣਾ, ਅਮਰਜੀਤ, ਤਰਸੇਮ ਸਿੰਘ, ਰੇਣੂ, ਮਨਜੀਤ ਕੌਰ ਅਤੇ ਰਾਮ ਕੌਰ ਨੇ ਕਿਹਾ ਕਿ ਨਿਯਮਾਂ ਅਨੁਸਾਰ ਇਸ ਅਰਸੇ ਦੌਰਾਨ ਨਿਯਮਤ ਮੇਅਰ ਦੀ ਚੋਣ ਕਰਵਾਉਣਾ ਲਾਜ਼ਮੀ ਹੈ, ਪਰ ਸਰਕਾਰ ਵੱਲੋਂ ਇਸ ਪਾਸੇ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਇਸ ਮਾਮਲੇ ‘ਤੇ ਸਿਵਲ ਸੁਸਾਇਟੀ ਮੋਗਾ ਦੇ ਸਥਾਪਕ ਮੈਂਬਰ ਅਜੈ ਗੋਰਾ ਸੂਦ ਅਤੇ ਸਾਹਿਲ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਇਕ ਵਿਅਕਤੀ ਦੇ ਖ਼ਿਲਾਫ਼ ਨਹੀਂ ਹੈ, ਸਗੋਂ ਮੋਗਾ ਸ਼ਹਿਰ ਦੇ ਹੱਕਾਂ ਲਈ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਦਲ ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣੀ ਪਸੰਦ ਦਾ ਮੇਅਰ ਬਣਾਏ, ਪਰ ਸ਼ਹਿਰ ਨੂੰ ਲੰਮੇ ਸਮੇਂ ਤੱਕ ਕਾਰਜਕਾਰੀ ਪ੍ਰਬੰਧ ਹੇਠ ਨਹੀਂ ਛੱਡਿਆ ਜਾ ਸਕਦਾ। ਕਾਂਗਰਸ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਕਿਹਾ ਕਿ ਮੋਗਾ ਵਾਸੀਆਂ ਨੂੰ ਜਲਦੀ ਤੋਂ ਜਲਦੀ ਇਕ ਨਿਯਮਤ ਮੇਅਰ ਮਿਲਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਗਤੀ ਮਿਲ ਸਕੇ ਅਤੇ ਨਗਰ ਨਿਗਮ ਲੋਕਤੰਤਰਿਕ ਢੰਗ ਨਾਲ ਚੱਲ ਸਕੇ।