ਦੇਸ਼ ’ਚ ਸਰਮਾਏਦਾਰੀ ਪ੍ਰਬੰਧ ਨੂੰ ਬਦਲਣ ਦੀ ਲੋੜ ’ਤੇ ਦਿੱਤਾ ਜ਼ੋਰ
ਭਾਰਤੀ ਕਮਿਊਨਿਸਟ ਪਾਰਟੀ ਦੀ ਸਿਆ
Publish Date: Fri, 16 Jan 2026 03:40 PM (IST)
Updated Date: Sat, 17 Jan 2026 04:01 AM (IST)

ਤਖ਼ਤੂਪੁਰਾ ਸਾਹਿਬ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ ਕਾਨਫਰੰਸ ਹੋਈ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਭਾਰਤੀ ਕਮਿਊਨਿਸਟ ਪਾਰਟੀ ਦੀ ਸਿਆਸੀ ਕਾਨਫਰੰਸ ਤਖਤੂਪੁਰਾ ਸਾਹਿਬ ਵਿਖੇ ਸਫਲਤਾ ਪੂਰਵਕ ਸੰਪੰਨ ਹੋਈ। ਇਸ ਕਾਨਫਰੰਸ ਦੀ ਪ੍ਰਧਾਨਗੀ ਨਰੇਗਾ ਆਗੂ ਮਹਿੰਦਰ ਸਿੰਘ ਧੂੜਕੋਟ ਅਤੇ ਸੂਬੇਦਾਰ ਜੋਗਿੰਦਰ ਸਿੰਘ ਨੇ ਕੀਤੀ। ਇਸ ਕਾਨਫਰੰਸ ਵਿਚ ਅੱਜ ਜ਼ਿਲ੍ਹੇ ਦੇ ਆਗੂਆਂ ਤੋਂ ਇਲਾਵਾ ਸੂਬਾਈ ਤੇ ਕੌਮੀ ਆਗੂਆਂ ਨੇ ਸ਼ਮੂਲੀਅਤ ਕੀਤੀ। ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਨੂੰ ਬਦਲਣ ਦੇ ਲਈ ਸਾਨੂੰ ਆਰਥਿਕ ਲੜਾਈ ਲੜਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵੀ ਆਰਥਿਕ ਅੰਦੋਲਨ ਹੋਣ ਕਰਕੇ ਹੀ ਸਾਨੂੰ ਉਸ ਵਿਚ ਵੱਡੀ ਜਿੱਤ ਹਾਸਿਲ ਹੋਈ ਸੀ। ਅੱਜ ਵੀ ਜੇ ਅਸੀਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਵੱਡਾ ਆਰਥਿਕ ਅੰਦੋਲਨ ਛੇੜਨ ਦੀ ਜ਼ਰੂਰਤ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਸਿੰਘ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਨੂੰ ਹੁਣ ਤੱਕ ਲੋਕਾਂ ਨੇ ਜਦੋਂ ਵੀ ਤਾਕਤ ਬਖ਼ਸ਼ੀ ਹੈ ਤਾਂ ਲੋਕ ਹਿੱਤਾਂ ਦੇ ਕਾਨੂੰਨ ਬਣਾਉਣ ਵਿਚ ਸਫ਼ਲ ਹੋਏ ਹਾਂ। ਉਹ ਚਾਹੇ ਫਸਲਾਂ ਦਾ ਭਾਅ ਬੰਨਣ ਦੀ ਗੱਲ ਹੋਵੇ, ਰਾਸ਼ਨ ਡੀਪੂ ਖੋਲਣ ਦੀ ਗੱਲ ਹੋਵੇ ਜਾਂ ਨਰੇਗਾ ਦਾ ਕਾਨੂੰਨ ਇਹ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਦੀ ਦੇਣ ਰਹੀ ਹੈ। ਏਟਕ ਆਗੂ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ 44 ਕਾਨੂੰਨਾਂ ਨੂੰ ਖ਼ਤਮ ਕਰਕੇ ਲਿਆਂਦੇ ਗਏ ਚਾਰ ਕੋਡ ਵੀ ਅੱਜ ਲੋਕਾਂ ਨੂੰ ਹੋਰ ਨਿੱਘਾਰ ਵਾਲੇ ਪਾਸੇ ਲੈ ਕੇ ਜਾਣ ਵਾਲੇ ਹਨ। ਉਨ੍ਹਾਂ ਕਿਹਾ ਕਿ ਨਿੱਜੀਕਰਨ ਨੂੰ ਖ਼ਤਮ ਕਰਨ ਲਈ ਲੋਕਾਂ ਦੇ ਪੱਖ ਦੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਨਰੇਗਾ ਆਗੂ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਸਰਕਾਰਾਂ ਨਰੇਗਾ ਦੀ ਰੂਹ ਖ਼ਤਮ ਕਰ ਰਹੀ ਹਨ ਜਿਸ ਨੂੰ ਭਾਰਤੀ ਕਮਿਊਨਿਸਟ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਨਰੇਗਾ ਨੇ ਹੁਣ ਤੱਕ ਲੋਕਾਂ ਦੀ ਆਰਥਿਕਤਾ ਵਿਚ ਵਾਧਾ ਕੀਤਾ ਹੈ। ਅਸੀਂ ਕਹਿੰਦੇ ਹਾਂ ਕਿ ਨਰੇਗਾ ਦਾ ਕੰਮ 200 ਦਿਨ ਹੋਣਾ ਚਾਹੀਦਾ ਤੇ ਦਿਹਾੜੀ ਹਜ਼ਾਰ ਰੁਪਏ ਪ੍ਰਤੀ ਦਿਨ ਹੋਣੀ ਚਾਹੀਦੀ ਹੈ। ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਦੇ ਪ੍ਰਧਾਨ ਕਰਮਵੀਰ ਬਧਣੀ ਨੇ ਬੋਲਦਿਆਂ ਕਿਹਾ ਕਿ ਅੱਜ ਸਰਮਾਏਦਾਰੀ ਪ੍ਰਬੰਧ ਦੀਆਂ ਨੀਤੀਆਂ ਸਾਡੀ ਸਿੱਖਿਆ ਤੇ ਰੁਜ਼ਗਾਰ ’ਤੇ ਵੱਡੇ ਹਮਲੇ ਕਰ ਰਹੀਆਂ ਹਨ। ਆਖਰ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ ਨੇ ਕਿਹਾ ਕਿ ਇਹ ਕਾਨਫਰੰਸ ਹਰ ਸਾਲ ਲੋਕਾਂ ਨੂੰ ਆਉਣ ਵਾਲਿਆਂ ਹਮਲਿਆਂ ਬਾਰੇ ਸੁਚੇਤ ਕਰਦਿਆਂ ਇਕਜੁੱਟਤਾ ਨਾਲ ਲੜਨ ਦਾ ਸੱਦਾ ਦਿੰਦੀ ਹੈ। ਅੱਜ ਵੀ ਇਸ ਸਟੇਜ਼ ਤੋਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਸੋਚ ਵਿਚਾਰ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਦੇਖ ਕੇ 2027 ਵਿਚ ਫੈਸਲਾ ਕਰਿਓ । ਅਸੀਂ ਭਾਰਤੀ ਕਮਿਊਨਿਸਟ ਪਾਰਟੀ ਦੀ ਸਟੇਜ ਤੋਂ ਜਿੱਥੇ ਆਗੂਆਂ ਦਾ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਾਂ, ਉੱਥੇ ਹੀ ਪਿੰਡ ਤਖ਼ਤੂਪੁਰਾ ਸਾਹਿਬ ਦੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਾਨਫਰੰਸ ਦੀ ਸਫ਼ਲਤਾ ਲਈ ਆਪਣੀ ਕਮਾਈ ’ਚੋਂ ਦਸਵੰਧ ਪਾਰਟੀ ਨੂੰ ਦਿੱਤਾ। ਇਸ ਤੋਂ ਇਲਾਵਾ ਇੰਦਰਜੀਤ ਸਿੰਘ ਦੀਨਾ, ਸੁਖਦੇਵ ਭੋਲਾ, ਬੂਟਾ ਰਾਊਕੇ , ਸਤਵੰਤ ਖੋਟੇ , ਨਵਜੋਤ ਕੌਰ , ਜਸਪ੍ਰੀਤ ਕੌਰ , ਤੋਤਾ ਸਿੰਘ ਤਖਤੂਪੁਰਾ ਆਦਿ ਆਗੂ ਨੇ ਸੰਬੋਧਨ ਕੀਤਾ । ਇਪਟਾ ਮੋਗਾ , ਹਰਭਜਨ ਸਿੰਘ ਬਿਲਾਸਪੁਰ , ਲੁਹਾਰਾ ਕਵੀਸ਼ਰੀ ਜੱਥਾ ਨੇ ਇਨਕਲਾਬੀ ਵੰਨਗੀਆਂ ਪੇਸ਼ ਕੀਤੀਆਂ । ਗੁਰਦਿੱਤ ਦੀਨਾ ਵੱਲੋਂ ਸਟੇਜ਼ ਦੀ ਕਾਰਵਾਈ ਚਲਾਈ ਗਈ।