- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਦੀ ਜ਼ਿਲ੍ਹਾ ਕੌਂਸਲ ਦੀ ਮਹੱਤਵਪੂਰਨ ਮੀਟਿੰਗ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਸਤੀਸ਼ ਲੂੰਬਾ ਹਾਲ ਵਿਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਅਤੇ ਕਾਮਰੇਡ ਸਵਰਾਜ ਸਿੰਘ ਢੁੱਡੀਕੇ ਵੱਲੋਂ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਵੱਲੋਂ ਹਾਲ ਹੀ ਵਿਚ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਉੱਘੇ ਨਾਟਕ ਕਰਮੀ ਕਾਮਰੇਡ ਨਾਹਰ ਸਿੰਘ ਨੱਥੂਵਾਲਾ, ਕਾਮਰੇਡ ਮਹਿੰਦਰ ਸਿੰਘ ਰਣਸੀਂਹ ਖੁਰਦ, ਕਾਮਰੇਡ ਗੁਰਸੇਵਕ ਸਿੰਘ ਮਾਹਲਾ ਅਤੇ ਕਾਮਰੇਡ ਜਰਨੈਲ ਸਿੰਘ ਘੋਲੀਆ ਨੂੰ ਸ਼ਰਧਾਂਜ਼ਲੀ ਅਰਪਿਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕਾਮਰੇਡ ਜਗਰੂਪ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਅਤੇ ਖੇਤਰੀ ਜੰਗਾਂ ਕਿਸੇ ਹਾਦਸੇ ਜਾਂ ਅਚਾਨਕ ਵਾਪਰਨ ਵਾਲੀ ਘਟਨਾ ਨਹੀਂ ਹਨ, ਸਗੋਂ ਇਹ ਪੂੰਜੀਵਾਦੀ ਪ੍ਰਣਾਲੀ ਦੇ ਵਿਸਥਾਰ ਦਾ ਨਤੀਜਾ ਹਨ। ਉਨ੍ਹਾਂ ਦੱਸਿਆ ਕਿ ਮਾਰਕਸਵਾਦੀ ਦ੍ਰਿਸ਼ਟੀਕੋਣ ਅਨੁਸਾਰ ਪੂੰਜੀਵਾਦ ਅਜਿਹੇ ਪੜਾਅ ’ਤੇ ਪਹੁੰਚ ਚੁੱਕਾ ਹੈ, ਜਿੱਥੇ ਉਹ ਮੁਨਾਫ਼ੇ ਲਈ ਕਿਸੇ ਵੀ ਹੱਦ ਤੱਕ ਜਾਣ ਤੋਂ ਨਹੀਂ ਹਿਚਕਦਾ। ਉਨ੍ਹਾਂ ਹੋਰ ਕਿਹਾ ਕਿ ਸੰਸਾਰ ਪੱਧਰ ਦੀਆਂ ਹੋਣ ਜਾਂ ਖੇਤਰੀ ਹਰ ਕਿਸਮ ਦੀਆਂ ਜੰਗਾਂ ਪੂੰਜੀਵਾਦ ਲਈ ਸਿਰਫ਼ ਮੁਨਾਫਾ ਕਮਾਉਣ ਦਾ ਸਾਧਨ ਹਨ। ਇਸ ਲਈ ਲੋੜ ਹੈ ਕਿ ਲੋਕਾਂ ਵਿਚ ਜਾ ਕੇ ਸਮਾਜਵਾਦੀ ਪ੍ਰਣਾਲੀ ਦੀ ਸਥਾਪਨਾ ਲਈ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਮਾਰਕਸਵਾਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਜਾਵੇ ਤਾਂ ਜੋ ਸਮੁੱਚੀ ਮਨੁੱਖਤਾ ਦੇ ਹਿੱਤ ਵਿਚ ਕੰਮ ਕੀਤਾ ਜਾ ਸਕੇ। ਇਸ ਤੋਂ ਬਾਅਦ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ ਵੱਲੋਂ ਕੌਂਸਲ ਸਾਹਮਣੇ ਵੱਖ-ਵੱਖ ਅਜੰਡੇ ਪੇਸ਼ ਕੀਤੇ ਗਏ। ਮੀਟਿੰਗ ਵਿੱਚ ਲੈਵੀ ਨਵੀਨੀਕਰਨ 22 ਅਪ੍ਰੈਲ ਨੂੰ ਲੈਨਿਨ ਜਨਮ ਦਿਨ 1 ਮਈ ਨੂੰ ਕਿਰਤ ਦਿਹਾੜਾ ਅਤੇ 5 ਮਈ ਨੂੰ ਕਾਰਲ ਮਾਰਕਸ ਦੇ ਜਨਮ ਦਿਨ ਨੂੰ ਮਨਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਸਾਰਿਆਂ ਦੀ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ 1 ਮਈ ਕਿਰਤ ਦਿਹਾੜਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਮਨਾਇਆ ਜਾਵੇਗਾ। ਇਸ ਤੋਂ ਇਲਾਵਾ 22 ਅਪ੍ਰੈਲ ਤੋਂ 5 ਮਈ ਤੱਕ ਸਿਧਾਂਤਕ ਪੰਦਰਵਾੜਾ ਮਨਾਇਆ ਜਾਵੇਗਾ, ਜਿਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਸਿਧਾਂਤਕ ਸਕੂਲ ਲਗਾ ਕੇ ਲੋਕਾਂ ਨੂੰ ਲੈਨਿਨ ਅਤੇ ਕਾਰਲ ਮਾਰਕਸ ਦੇ ਜੀਵਨ ਅਤੇ ਵਿਚਾਰਧਾਰਾ ਨਾਲ ਜਾਣੂ ਕਰਵਾਇਆ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ 5 ਮਈ ਨੂੰ ਕਾਰਲ ਮਾਰਕਸ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾਵੇਗਾ। ਮੀਟਿੰਗ ਨੂੰ ਹੋਰ ਸਾਥੀਆਂ ਵਿਚ ਜ਼ਿਲ੍ਹਾ ਮੀਤ ਸਕੱਤਰ ਡਾ. ਇੰਦਰਵੀਰ ਗਿੱਲ, ਗੁਰਦਿੱਤ ਸਿੰਘ ਦੀਨਾ, ਜਗਦੀਸ਼ ਸਿੰਘ ਚਾਹਲ, ਸ਼ੇਰ ਸਿੰਘ ਦੌਲਤਪੁਰਾ, ਜਗਸੀਰ ਸਿੰਘ ਖੋਸਾ, ਗੁਰਮੀਤ ਵਾਂਦਰ, ਸੁਖਜਿੰਦਰ ਮਹੇਸ਼ਰੀ, ਸਵਰਨ ਸਿੰਘ ਖੋਸਾ, ਕਰਮਵੀਰ ਬਧਨੀ, ਇਕਬਾਲ ਤਖਾਣਵੱਧ, ਹਰਪ੍ਰੀਤ ਬਾਵਾ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।