ਮੋਗਾ ਪੁਲਿਸ ਨੇ ਬੱਸ ਅੱਡਿਆਂ ’ਤੇ ਕੀਤੀ ਚੈਕਿੰਗ
ਜ਼ਿਲ੍ਹਾ ਮੋਗਾ ਦੀ ਹੱਦ
Publish Date: Mon, 02 Feb 2026 03:44 PM (IST)
Updated Date: Tue, 03 Feb 2026 04:02 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਜਨਤਾ ਦੀ ਸੁਰੱਖਿਆ ਨੂੰ ਹੋਰ ਪੱਕਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਪੈਂਦੇ ਸਾਰੇ ਬੱਸ ਸਟੈਂਡਾਂ ’ਤੇ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵਿਸ਼ੇਸ਼ ਚੈਕਿੰਗ ਬਾਲਕ੍ਰਿਸ਼ਨ ਸਿੰਗਲਾ, ਕਪਤਾਨ ਪੁਲਿਸ ਇੰਵੈਸਟਿਗੇਸ਼ਨ, ਮੋਗਾ ਦੀ ਸੁਪਰਵਿਜ਼ਨ ਹੇਠ ਹਲਕਾ ਅਫਸਰਾਂ ਦੀ ਅਗਵਾਈ ਵਿਚ ਤਾਇਨਾਤ ਕੀਤੀਆਂ ਗਈਆਂ ਵਿਸ਼ੇਸ਼ ਚੈਕਿੰਗ ਪਾਰਟੀਆਂ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਮੈਨੂਅਲ ਅਤੇ ਵਿਜ਼ੂਅਲ ਢੰਗ ਨਾਲ ਐਂਟੀ-ਸੈਬੋਟਾਜ਼ ਜਾਂਚ ਕੀਤੀ ਗਈ ਅਤੇ ਸਬੰਧਿਤ ਪੁਆਇੰਟਾਂ, ਇਲਾਕਿਆਂ ਅਤੇ ਵਾਹਨਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਯਕੀਨੀ ਬਣਾਈ ਗਈ। ਇਸ ਤੋਂ ਇਲਾਵਾ ਚੈਕਿੰਗ ਦੌਰਾਨ ਸ਼ੱਕੀ ਪਾਏ ਗਏ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਅਤੇ ਪਾਰਕਿੰਗ ਏਰੀਆ ਵਿਚ ਖੜ੍ਹੇ ਲਾਵਾਰਿਸ ਵਾਹਨਾਂ ਨੂੰ ਪੁਲਿਸ ਕਸਟਡੀ ਵਿਚ ਲੈ ਕੇ ਤੁਰੰਤ ਸਬੰਧਿਤ ਜਾਂ ਨਜ਼ਦੀਕੀ ਪੁਲਿਸ ਥਾਣਿਆਂ ਵਿਚ ਭੇਜਿਆ ਗਿਆ।। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ, ਇਤਰਾਜ਼ਯੋਗ ਸਮੱਗਰੀ, ਵਸਤੂ ਜਾਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਨਾ ਅਤੇ ਅਪਰਾਧਿਕ ਗਤੀਵਿਧੀਆਂ ਜਾਂ ਅਪਰਾਧਿਕ ਮੂਵਮੈਂਟ ’ਤੇ ਅੰਕੁਸ਼ ਲਗਾਉਣਾ ਸੀ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਜਨਤਾ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਹਮੇਸ਼ਾ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਸਪੈਸ਼ਲ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ।