ਲੁੱਟਖੋਹ ਦੇ ਮਾਮਲੇ ’ਚ ਚਾਰ ਔਰਤਾਂ ਕਾਬੂ
ਮੋਗਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ
Publish Date: Thu, 09 Apr 2026 04:46 PM (IST)
Updated Date: Fri, 10 Apr 2026 04:05 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਮੋਗਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅਜੈ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੁਰਪ੍ਰੀਤ ਸਿੰਘ ਡੀਐੱਸਪੀ ਸਿਟੀ ਮੋਗਾ ਅਤੇ ਮੁੱਖ ਅਫ਼ਸਰ ਥਾਣਾ ਸਿਟੀ ਮੋਗਾ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਲੁੱਟ ਖੋਹ ਦੀ ਵਾਰਦਾਤ ਕਰਨ ਵਾਲੀਆਂ 4 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਮਿਤੀ 08.04.2026 ਨੂੰ ਸਮਾਂ ਕਰੀਬ 10:55 ਵਜੇ ਰਾਤ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾਂ ਦੀ ਤਲਾਸ਼ ਵਿਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਭਰੋਸੇਯੋਗ ਮੁਖ਼ਬਰ ਸੂਚਨਾ ਦੇ ਆਧਾਰ ’ਤੇ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਜੋਗਿੰਦਰ ਚੌਂਕ ਇਲਾਕੇ ਵਿਚ ਰੇਡ ਕਰਕੇ ਮੋਗਾ ਬੱਸ ਸਟੈਂਡ ਦੇ ਨਜ਼ਦੀਕ 04 ਔਰਤਾਂ ਨੂੰ ਕਾਬੂ ਕੀਤਾ ਗਿਆ ਹੈ, ਜੋਕਿ ਇਹ ਗਿਰੋਹ ਵਜੋਂ ਕੰਮ ਕਰਦੀਆਂ ਹੋਈਆਂ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਖੋਹ ਅਤੇ ਧੋਖਾਧੜ੍ਹੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ। ਉਨ੍ਹਾਂ ਦੱਸਿਆ ਕਿ ਗਿਫ਼ਤਾਰ ਕੀਤੀਆਂ ਗਈਆਂ ਔਰਤਾਂ ਦੀ ਪਹਿਚਾਣ ਪ੍ਰਵੀਨ, ਪ੍ਰਵੀਨ ਉਰਫ ਆਸ਼ਾ, ਸੋਨੀਆ ਅਤੇ ਸੋਮਾ ਵਜੋਂ ਦੱਸੀ ਗਈ ਜੋਕਿ ਫਿਰੋਜ਼ਪੁਰ ਇਲਾਕੇ ਦੀਆਂ ਰਹਿਣ ਵਾਲੀਆਂ ਹਨ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਾਬੂ ਕੀਤੀਆਂ ਔਰਤਾਂ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਵੱਖ ਵੱਖ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਗਰੋਹ ਆਮ ਜਨਤਾ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨਾਲ ਧੋਖਾਧੜੀ ਕਰਦਾ ਅਤੇ ਮੌਕਾ ਮਿਲਣ ’ਤੇ ਪੈਸੇ ਅਤੇ ਸੋਨੇ ਦੀ ਲੁੱਟਖੋਹ ਕਰਦਾ ਸੀ। ਪੁਲਿਸ ਵੱਲੋਂ ਇਸ ਸਬੰਧ ਵਿਚ ਮੁਕੱਦਮਾ ਨੰਬਰ 78 ਮਿਤੀ 8.4.2026 ਅ/ਧ 304, 111 ਬੀਐੱਨਐੱਸ ਥਾਣਾ ਸਿਟੀ ਮੋਗਾ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੀਆਂ ਔਰਤਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਤਾਂ ਜੋ ਇਨ੍ਹਾਂ ਨਾਲ ਸਬੰਧਤ ਹੋਰ ਮਾਮਲਿਆਂ ਦਾ ਖੁਲਾਸਾ ਕੀਤਾ ਜਾ ਸਕੇ ਅਤੇ ਇਲਾਕੇ ਵਿਚ ਇਸ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ’ਤੇ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਾਬੂ ਕੀਤੀਆਂ ਔਰਤਾ ਨੂੰ ਅੱਜ ਮਿਤੀ 09.04.2026 ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮੁਕੱਦਮਾ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ।