ਤੰਦਰੁਸਤ ਸਰੀਰ ਦੇ ਲਈ ਕਸਰਤ ਜ਼ਰੂਰੀ : ਸਿਵਲ ਸਰਜਨ
ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ
Publish Date: Wed, 08 Apr 2026 03:33 PM (IST)
Updated Date: Thu, 09 Apr 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਨੇ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਅਤੇ ਤਕਨਾਲੋਜੀ ਭਰੇ ਜੀਵਨ ਵਿਚ ਮਨੁੱਖ ਦੀ ਸਰੀਰਕ ਗਤੀਵਿਧੀ ਘਟਦੀ ਜਾ ਰਹੀ ਹੈ ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਕਈ ਬਿਮਾਰੀਆਂ ਦਾ ਮੁੱਖ ਕਾਰਨ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੋਂ ਲੈ ਬਜ਼ੁਰਗਾਂ ਤੱਕ ਹਰ ਉਮਰ ਦੇ ਵਿਅਕਤੀ ਦੀ ਤੰਦਰੁਸਤੀ ਲਈ ਸਰੀਰਕ ਗਤੀਵਿਧੀ ਬੇਹੱਦ ਜ਼ਰੂਰੀ ਹੈ। ਡਾਕਟਰ ਸਿੰਗਲਾ ਨੇ ਗੱਲਬਾਤ ਦੌਰਾਨ ਕਿਹਾ ਕਿ ਅੱਜ-ਕੱਲ੍ਹ ਮੋਬਾਈਲ ਅਤੇ ਟੀਵੀ ਦੀ ਜ਼ਿਆਦਾ ਵਰਤੋਂ ਕਾਰਨ ਬੱਚਿਆਂ ਵਿਚ ਬਾਹਰ ਖੇਡਣ ਦੀ ਆਦਤ ਘੱਟ ਰਹੀ ਹੈ, ਜਿਸ ਨਾਲ ਮੋਟਾਪਾ ਅਤੇ ਹੱਡੀਆਂ ਦੀ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਉਨ੍ਹਾਂ ਬੱਚਿਆਂ ਦੇ ਵਿਕਾਸ ਵਿਚ ਸਰੀਰਕ ਕਿਰਿਆਵਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਡਾਂ ਅਤੇ ਭੱਜ-ਦੌੜ ਨਾਲ ਬੱਚਿਆਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਉਨ੍ਹਾਂ ਦੀ ਯਾਦਾਸ਼ਤ ਤੇਜ਼ ਹੁੰਦੀ ਹੈ ਅਤੇ ਇਕਾਗਰਤਾ ਵਿਚ ਵੀ ਸੁਧਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵੱਡਿਆਂ ਵਿਚ ਸਰੀਰਕ ਕਸਰਤ ਦੀ ਆਦਤ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ ਅਤੇ ਉੱਚ ਰਕਤਚਾਪ ਦੇ ਖਤਰੇ ਨੂੰ ਘਟਾਉਂਦੀ ਹੈ। ਇਹ ਮਨੁੱਖ ਦੀ ਮਾਨਸਿਕ ਸਿਹਤ ਨੂੰ ਵੀ ਬਿਹਤਰ ਬਣਾਉਂਦੀ ਹੈ ਅਤੇ ਤਣਾਅ ਅਤੇ ਡਿਪ੍ਰੈਸ਼ਨ ਵੀ ਘਟਾਉਂਦੀ ਹੈ। ਸਿਵਲ ਸਰਜਨ ਨੇ ਬਜ਼ੁਰਗਾਂ ਨੂੰ ਹਲਕੀ-ਫੁਲਕੀ ਕਸਰਤ ਜਿਵੇਂ ਸੈਰ ਜਾਂ ਯੋਗਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਉਮਰ ਵਿਚ ਚੰਗੀ ਸਿਹਤ ਹੀ ਅਸਲ ਸਾਥ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਕਸਰਤ ਕਰਨ ਨਾਲ ਜੋੜਾਂ ਦੀ ਲਚਕ ਬਣੀ ਰਹਿੰਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਡਾ.ਸਿੰਗਲਾ ਨੇ ਕਿਹਾ ਕਿ ਸਰੀਰਕ ਗਤੀਵਿਧੀ ਸਿਰਫ਼ ਖੇਡਾਂ ਜਾਂ ਜਿਮ ਤੱਕ ਸੀਮਿਤ ਨਹੀਂ, ਸਗੋਂ ਇਹ ਜੀਵਨਸ਼ੈਲੀ ਦਾ ਅਹਿਮ ਹਿੱਸਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਛੋਟੀਆਂ-ਛੋਟੀਆਂ ਆਦਤਾਂ ਜਿਵੇਂ ਕਿ ਲਿਫ਼ਟ ਦੀ ਥਾਂ ਪੌੜੀਆਂ ਦੀ ਵਰਤੋਂ ਕਰਨਾ, ਨਜ਼ਦੀਕੀ ਥਾਂ ’ਤੇ ਪੈਦਲ ਜਾਣਾ, ਬਾਗਵਾਨੀ ਜਾਂ ਸਾਈਕਲਿੰਗ ਕਰਨਾ, ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨਾਲ ਆਊਟਡੋਰ ਖੇਡ ਖੇਡਣਾ ਅਤੇ ਸਵੇਰੇ ਜਾਂ ਸ਼ਾਮ ਨੂੰ ਸੈਰ ਕਰਨਾ ਸਿਹਤ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਿੱਖਿਆ ਅਤੇ ਸੂਚਨਾ ਅਫ਼ਸਰ ਜਸਜੀਤ ਕੌਰ ਅਤੇ ਹਰਜਿੰਦਰ ਕੌਰ ਮੀਡੀਆ ਬਲਾਕ ਮੀਡੀਆ ਇੰਚਾਰਜ ਵੀ ਹਾਜ਼ਰ ਸਨ।