ਗੁਰੂ ਨਾਨਕ ਖ਼ਾਲਸਾ ਕਾਲਜ ’ਚ ਨੁੱਕੜ ਨਾਟਕ ਦੀ ਪੇਸ਼ਕਾਰੀ
ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਮੋਗਾ
Publish Date: Wed, 11 Mar 2026 04:28 PM (IST)
Updated Date: Thu, 12 Mar 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਮੋਗਾ ਵੱਲੋਂ ਨੁੱਕੜ ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਪ੍ਰੋਫ਼ੈਸਰ ਰਜਿੰਦਰ ਕੌਰ ਮਲਹੋਤਰਾ ਦੇ ਦਿਸ਼ਾ ਨਿਰਦੇਸ਼ ਵਿਚ ਕੀਤੀ ਗਈ। ਇਹ ਨੁੱਕੜ ਨਾਟਕ ਨਸ਼ੇ, ਭਰੂਣ ਹੱਤਿਆ, ਮਾਪਿਆਂ ਦਾ ਨਿਰਾਦਰ, ਦਿਨੋਂ ਦਿਨ ਨਿਘਰਦੀ ਕਿਸਾਨੀ ਅਤੇ ਸਮਾਜਿਕ ਕੁਰੀਤੀਆਂ ਉੱਤੇ ਚੋਟ ਕਰਦਾ ਹੈ। ਇਸ ਦੇ ਲੇਖਕ ਬਲਰਾਜ ਸਾਗਰ ਅਤੇ ਨਿਰਦੇਸ਼ਕ ਸੁਖਦੇਵ ਲੱਧੜ ਹਨ। ਅੱਜ ਦੀ ਇਸ ਪੇਸ਼ਕਾਰੀ ਵਿਚ ਰੰਗਕਰਮੀ ਕਲਾਕਾਰ ਸੁਖਦੇਵ ਲੱਧੜ, ਆਸ਼ੂ ਨਈਅਰ, ਸ਼ੁਭਦੀਪ ਸ਼ੁਭ, ਰਮਨ ਮੱਟੂ ਨੇ ਆਪਣੇ ਹਿੱਸੇ ਆਏ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ। ਇਸ ਪ੍ਰੋਗਰਾਮ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਪ੍ਰੋਫ਼ੈਸਰ ਮਨੀਸ਼ਾ ਸ਼ਰਮਾ ਨੇ ਨਿਭਾਈ। ਪੇਸ਼ਕਾਰੀ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ। ਉਪਰੰਤ ਸਟੇਜ ਸੰਚਾਲਕ ਪ੍ਰੋਫ਼ੈਸਰ ਮਨੀਸ਼ਾ ਸ਼ਰਮਾ ਨੇ ਕਲਾਕਾਰਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਕਿਹਾ ਕਿ ਅਜਿਹੇ ਨਾਟਕ ਹਰ ਕਾਲਜ ਸਕੂਲ ਵਿਚ ਹੋਣੇ ਚਾਹੀਦੇ ਹਨ। ਉਨ੍ਹਾਂ ਟੀਮ ਦਾ ਇਸ ਪੇਸ਼ਕਾਰੀ ਲਈ ਧੰਨਵਾਦ ਵੀ ਕੀਤਾ। ਪ੍ਰਿੰਸੀਪਲ ਪ੍ਰੋਫ਼ੈਸਰ ਰਜਿੰਦਰ ਕੌਰ ਮਲਹੋਤਰਾ ਅਤੇ ਸਮੂਹ ਪ੍ਰੋਫੈਸਰ ਸਟਾਫ਼ ਵੱਲੋਂ ਟੀਮ ਨੂੰ ਸਨਮਾਨਿਤ ਕੀਤਾ ਗਿਆ।