ਮੋਗਾ ਪੁਲਿਸ ਨੇ ਨਸ਼ਾ ਤਸਕਰਾਂ ’ਤੇ ਕੱਸਿਆ ਸ਼ਿਕੰਜਾ
ਜ਼ਿਲ੍ਹਾ ਮੋਗਾ ਪੁਲਿਸ ਵੱਲੋਂ ਮਿਤੀ
Publish Date: Thu, 11 Jun 2026 04:47 PM (IST)
Updated Date: Fri, 12 Jun 2026 04:06 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਮੋਗਾ ਪੁਲਿਸ ਵੱਲੋਂ ਮਿਤੀ 07.06.2026 ਨੂੰ ਕਾਸੋ ਆਪ੍ਰੇਸ਼ਨ ਦੌਰਾਨ ਸਬ ਡਵੀਜ਼ਨ ਬਾਘਾਪੁਰਾਣਾ ਵਿਚ ਡਰੱਗ ਹਾਟ ਸਪਾਟ ਏਰੀਆ ਦੀ ਸਰਚ ਕੀਤੀ ਗਈ। ਇਸੇ ਦੌਰਾਨ ਨਸ਼ਿਆਂ ਸਬੰਧੀ 2 ਮੁਕੱਦਮੇ ਦਰਜ ਕਰਕੇ, 2 ਮੁਲਜ਼ਮਾਂ ਨੂੰ ਕਾਬੂ ਕਰਕੇ 21 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਮੋਗਾ ਸਰਤਾਜ ਸਿੰਘ ਚਾਹਲ ਆਈਪੀਐੱਸ, ਐੱਸਐੱਸਪੀ ਮੋਗਾ ਨੇ ਦੱਸਿਆ ਕਿ ਸਬ ਡਵੀਜ਼ਨ ਬਾਘਾਪੁਰਾਣਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਪਿੰਡਾਂ ਦੇ ਪਹਿਰੇਦਾਰ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 03.06.2026 ਤੋਂ 09.06.2026 ਤੱਕ ਨਸ਼ਿਆਂ ਸਬੰਧੀ 8 ਮੁਕੱਦਮੇ ਦਰਜ ਕਰਕੇ 7 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜਿੰਨ੍ਹਾਂ ਪਾਸੋਂ 49 ਗ੍ਰਾਮ ਹੈਰੋਇਨ, 130 ਲੀਟਰ ਲਾਹਨ, 25 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਗਈ। ਨਸ਼ਾ ਕਰਨ ਵਾਲੇ 04 ਵਿਅਕਤੀਆਂ ਨੂੰ ਜਨੇਰ ਨਸ਼ਾ ਛਡਾਉ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ। ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ 03 ਵਿਅਕਤੀਆਂ ਖ਼ਿਲਾਫ਼ ਰੋਕੂ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਤੋਂ ਇਲਾਵਾ ਮਿਤੀ 06.06.2026 ਨੂੰ ਪ੍ਰਧਾਨ ਵਪਾਰੀ ਮੰਡਲ ਬਾਘਾ ਪੁਰਾਣਾ ਸਮੇਤ ਸ਼ਹਿਰ ਬਾਘਾਪੁਰਾਣਾ ਅਤੇ ਸਮਾਲਸਰ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ, ਜਿੰਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦਾ ਨਿਪਟਾਰਾ ਕੀਤੀ ਗਿਆ। ਬਾਜ਼ਾਰ ਅਤੇ ਭੀੜ ਭਾੜ ਵਾਲੇ ਸਥਾਨਾਂ ’ਤੇ ਪੁਲਿਸ ਦੀ ਮੌਜੂਦਗੀ ਨੂੰ ਵਧਾਇਆ ਗਿਆ ਹੈ। ਉਨ੍ਹਾਂ ਨੇ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ/ਸੰਪਰਕ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਅਰਸੇ ਦੌਰਾਨ ਵੱਖ ਵੱਖ ਗਜ਼ਟਿਡ ਅਫ਼ਸਰਾਂ/ਮੁੱਖ ਅਫ਼ਸਰਾਂ ਵੱਲੋਂ ਪਿੰਡਾਂ/ਸ਼ਹਿਰਾਂ ਵਿਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖ਼ਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖ਼ਿਲਾਫ਼ ਜੰਗ ਜਾਰੀ ਹੈ।