- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ਵਿਚ ਰਸੋਈ ਗੈਸ ਸਿਲੰਡਰਾਂ

ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ: ਮੋਗਾ ਸ਼ਹਿਰ ਵਿਚ ਰਸੋਈ ਗੈਸ ਸਿਲੰਡਰਾਂ ਦੀ ਕਮੀ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕਰ ਦਿੱਤਾ ਹੈ। ਗੈਸ ਏਜੰਸੀਆਂ ਦੇ ਬਾਹਰ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਇਹ ਸਮੱਸਿਆ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ। ਸਵੇਰੇ ਤੜਕੇ ਹੀ ਲੋਕ ਆਪਣੇ ਖ਼ਾਲੀ ਸਿਲੰਡਰ ਲੈ ਕੇ ਏਜੰਸੀ ਦੇ ਬਾਹਰ ਪਹੁੰਚ ਜਾਂਦੇ ਹਨ ਅਤੇ ਤਿੱਖੀ ਧੁੱਪ ਵਿਚ ਘੰਟਿਆਂ ਬੱਧੀ ਉਡੀਕ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਦੌਰਾਨ ਸਭ ਤੋਂ ਵੱਧ ਦੁੱਖ ਔਰਤਾਂ ਨੂੰ ਝੱਲਣਾ ਪੈ ਰਿਹਾ ਹੈ, ਜਿਹੜੀਆਂ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ ਨਾਲ ਇਸ ਮੁਸ਼ਕਲ ਦਾ ਸਾਹਮਣਾ ਕਰ ਰਹੀਆਂ ਹਨ।
ਮੌਜੂਦਾ ਹਾਲਾਤ ਇਨ੍ਹਾਂ ਤੱਕ ਪਹੁੰਚ ਗਏ ਹਨ ਕਿ ਲੋਕਾਂ ਨੂੰ 20 ਦਿਨ ਤੋਂ ਲੈ ਕੇ ਇਕ ਮਹੀਨੇ ਪਹਿਲਾਂ ਬੁੱਕ ਕਰਵਾਏ ਗਏ ਸਿਲੰਡਰ ਵੀ ਸਮੇਂ ’ਤੇ ਨਹੀਂ ਮਿਲ ਰਹੇ। ਕਈ ਘਰਾਂ ਵਿਚ ਗੈਸ ਖਤਮ ਹੋ ਜਾਣ ਕਾਰਨ ਮਹਿਲਾਵਾਂ ਨੂੰ ਮੁੜ ਪੁਰਾਣੇ ਢੰਗ ਨਾਲ ਚੁੱਲ੍ਹਿਆਂ ‘ਤੇ ਖਾਣਾ ਬਣਾਉਣਾ ਪੈ ਰਿਹਾ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਉਨ੍ਹਾਂ ਨੂੰ ਦਿਨ ਚੜ੍ਹਦਿਆਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਅਤੇ ਉਹ ਇਸ ਗੱਲ ਦੀ ਉਡੀਕ ਕਰ ਰਹੀਆਂ ਹਨ ਕਿ ਆਖ਼ਰ ਇਹ ਸੰਕਟ ਕਦੋਂ ਖ਼ਤਮ ਹੋਵੇਗਾ।
ਗੈਸ ਏਜੰਸੀਆਂ ਦੇ ਬਾਹਰ ਦਾ ਮਾਹੌਲ ਹਰ ਰੋਜ਼ ਇਕੋ ਜਿਹਾ ਦਿਖਾਈ ਦਿੰਦਾ ਹੈ। ਜ਼ਿਕਰਯੋਗ ਹੈ ਕਿ ਮੋਗਾ ਸ਼ਹਿਰ ਦੇ ਨਾਲ ਨਾਲ ਨੇੜਲੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਇੱਥੇ ਪਹੁੰਚ ਰਹੇ ਹਨ, ਜਿਸ ਨਾਲ ਭੀੜ ਹੋਰ ਵੀ ਵਧ ਰਹੀ ਹੈ। ਇਸ ਮੌਕੇ ਲਕਸ਼ਮੀ ਕੁਮਾਰੀ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਹੀ ਆਪਣਾ ਖ਼ਾਲੀ ਸਿਲੰਡਰ ਲੈ ਕੇ ਆ ਗਈ ਸੀ ਅਤੇ ਦੁਪਹਿਰ ਤੱਕ ਉਡੀਕ ਕਰਦੀ ਰਹੀ। ਉਸ ਨੇ ਕਿਹਾ ਕਿ ਉਹ ਪਹਿਲਾਂ ਵੀ ਦੋ ਵਾਰ ਆ ਚੁੱਕੀ ਹੈ ਪਰ ਹਰ ਵਾਰ ਉਸਨੂੰ ਨਵੀਂ ਤਾਰੀਖ਼ ਦੇ ਕੇ ਵਾਪਸ ਭੇਜ ਦਿੱਤਾ ਗਿਆ। ਉਸ ਨੇ 28 ਮਾਰਚ ਨੂੰ ਬੁਕਿੰਗ ਕਰਵਾਈ ਸੀ ਪਰ ਹੁਣ ਜਾ ਕੇ ਉਸਨੂੰ ਸਿਲੰਡਰ ਮਿਲਣ ਦੀ ਉਮੀਦ ਬਣੀ ਹੈ। ਟੋਕਨ ਮਿਲਣ ਤੋਂ ਬਾਅਦ ਹੀ ਉਸਨੂੰ ਕੁੱਝ ਰਾਹਤ ਮਹਿਸੂਸ ਹੋਈ। ਇਸੇ ਤਰ੍ਹਾਂ ਬੁੱਘੀਪੁਰਾ ਪਿੰਡ ਦੀ ਹਰਮਨ ਕੌਰ ਨੇ ਕਿਹਾ ਕਿ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਗੈਸ ਦੀ ਬੱਚਤ ਲਈ ਹੁਣ ਉਹ ਸਿਰਫ਼ ਸਵੇਰੇ ਬੱਚਿਆਂ ਦੇ ਨਾਸ਼ਤੇ ਲਈ ਹੀ ਗੈਸ ਵਰਤ ਰਹੇ ਹਨ, ਜਦਕਿ ਦੁਪਹਿਰ ਅਤੇ ਸ਼ਾਮ ਦਾ ਖਾਣਾ ਚੁੱਲ੍ਹੇ ’ਤੇ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਸਮਾਂ ਵੱਧ ਲੱਗਦਾ ਹੈ ਸਗੋਂ ਮਹਿਲਾਵਾਂ ਨੂੰ ਵੱਧ ਮਿਹਨਤ ਵੀ ਕਰਨੀ ਪੈਂਦੀ ਹੈ। ਮੋਗਾ ਦੀ ਨਿਰਮਲਾ ਬਾਈ ਨੇ ਆਪਣੀ ਪ੍ਰੇਸ਼ਾਨੀ ਸਾਂਝੀ ਕਰਦਿਆਂ ਕਿਹਾ ਕਿ ਇਕ ਸਿਲੰਡਰ ਖ਼ਾਲੀ ਹੋਣ ਤੋਂ ਬਾਅਦ ਉਹ ਲਗਾਤਾਰ ਤਣਾਅ ਵਿਚ ਰਹਿੰਦੀ ਹੈ ਕਿ ਕਿਤੇ ਦੂਜਾ ਸਿਲੰਡਰ ਵੀ ਖ਼ਤਮ ਨਾ ਹੋ ਜਾਵੇ। ਇਸ ਕਰਕੇ ਉਹ ਖਾਣਾ ਬਣਾਉਣ ਲਈ ਚੁੱਲ੍ਹੇ ਦਾ ਸਹਾਰਾ ਲੈ ਰਹੀ ਹੈ, ਜਦਕਿ ਚਾਹ ਜਾਂ ਹੋਰ ਛੋਟੇ ਕੰਮਾਂ ਲਈ ਇੰਡਕਸ਼ਨ ਚੁੱਲ੍ਹਾ ਵਰਤਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤਾਂ ਨੇ ਲੋਕਾਂ ਨੂੰ ਕਾਫ਼ੀ ਪਰੇਸ਼ਾਨ ਕਰ ਦਿੱਤਾ ਹੈ।
ਆਵਾਜਾਈ ਦਾ ਵਾਧੂ ਬੋਝ ਵੀ ਬਣਿਆ ਮੁੱਦਾ
ਗੈਸ ਸਿਲੰਡਰ ਲੈਣ ਲਈ ਲੋਕਾਂ ਨੂੰ ਆਵਾਜਾਈ ’ਤੇ ਵੀ ਵਾਧੂ ਖ਼ਰਚਾ ਕਰਨਾ ਪੈ ਰਿਹਾ ਹੈ। ਕਈ ਔਰਤਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੋਟਰਸਾਈਕਲਾਂ ’ਤੇ ਸਿਲੰਡਰ ਲੈ ਕੇ ਆ ਰਹੀਆਂ ਹਨ, ਜਦਕਿ ਕੁਝ ਮਹਿਲਾਵਾਂ ਨੇ ਦੱਸਿਆ ਕਿ ਉਹ ਮਿਲਜੁਲ ਕੇ ਈ-ਰਿਕਸ਼ਾ ਰਾਹੀਂ ਗੈਸ ਏਜੰਸੀ ਤੱਕ ਪਹੁੰਚ ਰਹੀਆਂ ਹਨ। ਪਿੰਡਾਂ ਤੋਂ ਆਉਣ ਵਾਲੀਆਂ ਔਰਤਾਂ ਨੂੰ ਇੱਕ ਵਾਰ ਆਉਣ-ਜਾਣ ਲਈ ਕਰੀਬ 50 ਰੁਪਏ ਤੱਕ ਦਾ ਖਰਚਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕੱਲੇ ਆਉਣ ਨਾਲ ਖ਼ਰਚਾ ਹੋਰ ਵੱਧ ਜਾਂਦਾ ਹੈ, ਇਸ ਲਈ ਉਹ ਇਕੱਠਿਆਂ ਆਉਣਾ ਹੀ ਬਿਹਤਰ ਸਮਝਦੀਆਂ ਹਨ।
ਔਰਤਾਂ ਨੇ ਇਹ ਵੀ ਦੱਸਿਆ ਕਿ ਮੌਜੂਦਾ ਹਾਲਾਤ ਦੇ ਪਿੱਛੇ ਵਿਸ਼ਵ ਪੱਧਰ ’ਤੇ ਬਣੇ ਹਾਲਾਤ ਵੀ ਇਕ ਕਾਰਨ ਹੋ ਸਕਦੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਨੂੰ ਚਾਹੀਦਾ ਹੈ ਕਿ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਗੈਸ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ। ਉਨ੍ਹਾਂ ਨੇ ਮੰਗ ਕੀਤੀ ਕਿ ਗੈਸ ਏਜੰਸੀਆਂ ਨੂੰ ਪੂਰਾ ਸਟਾਕ ਦਿੱਤਾ ਜਾਵੇ ਅਤੇ ਡਿਲੀਵਰੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।
ਪ੍ਰਸ਼ਾਸਨ ਵੱਲੋਂ ਤੁਰੰਤ ਧਿਆਨ ਦੀ ਲੋੜ
ਇਸ ਸੰਕਟ ਨੇ ਸਾਫ਼ ਕਰ ਦਿੱਤਾ ਹੈ ਕਿ ਮੋਗਾ ਵਿਚ ਗੈਸ ਸਪਲਾਈ ਪ੍ਰਣਾਲੀ ਵਿਚ ਕਿਤੇ ਨਾ ਕਿਤੇ ਕਮੀ ਰਹਿ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਪ੍ਰਬੰਧ ਕੀਤੇ ਜਾਣ ਤਾਂ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਹੁਣ ਲੋੜ ਹੈ ਕਿ ਸੰਬੰਧਤ ਵਿਭਾਗ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰੇ ਅਤੇ ਲੋਕਾਂ ਨੂੰ ਇਸ ਪਰੇਸ਼ਾਨੀ ਤੋਂ ਜਲਦੀ ਰਾਹਤ ਦਿਵਾਈ ਜਾਵੇ।