ਪੈਨਸ਼ਨਰਜ਼ ਜੁਆਇੰਟ ਫਰੰਟ ਇਕਾਈ ਮੋਗਾ ਦੀ ਮੀਟਿੰਗ ਹੋਈ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ
Publish Date: Sun, 01 Feb 2026 04:54 PM (IST)
Updated Date: Mon, 02 Feb 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਪੰਜਾਬ ਦੀ ਸੂਬਾ ਪੱਧਰੀ ਲੁਧਿਆਣਾ ਵਿਖੇ ਹੋਈ ਮੀਟਿੰਗ ਦੇ ਫੈਸਲੇ ਨੂੰ ਲਾਗੂ ਕਰਨ ਹਿਤ 13 ਫਰਵਰੀ ਨੂੰ ਸਾਢੇ ਬਾਰਾਂ ਵਜੇ ਡੀਸੀ ਮੋਗਾ ਨੂੰ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਮ ਮੰਗ ਪੱਤਰ ਦਿੱਤੇ ਜਾਣਗੇ। ਇਸ ਸਬੰਧ ਵਿਚ ਜੁਆਇੰਟ ਫਰੰਟ ਦੇ ਜ਼ਿਲ੍ਹਾ ਆਗੂਆਂ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੁਖਮੰਦਰ ਸਿੰਘ ਸਰਬਜੀਤ ਦੌਧਰ, ਪੀਐੱਸਪੀਸੀਐੱਲ ਪੈਨਸ਼ਨਰਜ਼ ਐਸੋਸੀਏਸ਼ਨ ਦੇ ਬਲੌਰ ਸਿੰਘ ਘਾਲੀ ਅਤੇ ਜਗਰੂਪ ਸਿੰਘ ਪੁਰਾਣੇ ਵਾਲਾ, ਮਹਾਂਸੰਘ ਵੱਲੋਂ ਅਵਤਾਰ ਸਿੰਘ ਕੈਂਥ ਅਤੇ ਸਵਰਨ ਸਿੰਘ ਸ਼ਾਹ ਬੁੱਕਰ, ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਰਛਪਾਲ ਸਿੰਘ ਸੰਧੂ ਪ੍ਰਧਾਨ ਅਤੇ ਸੁਖਦੇਵ ਸਿੰਘ ਖੋਸਾ ਜਨਰਲ ਸਕੱਤਰ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੇ ਹੱਠੀ ਰਵੱਈਏ ਕਰਕੇ ਪੰਜਾਬ ਦੇ ਪੈਨਸ਼ਨਰਾਂ ਨੂੰ ਕੇਂਦਰ ਨਾਲੋਂ ਡੀਏ 18 ਫ਼ੀਸਦੀ ਘੱਟ ਮਿਲ ਰਿਹਾ ਹੈ ਜਿਸ ਨਾਲ ਹਰ ਇਕ ਪੈਨਸ਼ਨਰ ਨੂੰ ਹਜ਼ਾਰਾਂ ਰੁਪਏ ਮਹੀਨੇ ਦਾ ਘਾਟਾ ਪੈ ਰਿਹਾ ਹੈ, ਇਸ ਦੇ ਨਾਲ ਹੀ ਹੋਰ ਮੰਗਾਂ, ਛੇਵੇਂ ਪੇ ਕਮਿਸ਼ਨ ਦੁਆਰਾ ਸਿਫਾਰਸ਼ ਕੀਤਾ 2.59 ਦਾ ਗੁਣਾਂਕ ਦੇਣ ਤੋਂ ਪੰਜਾਬ ਸਰਕਾਰ ਮੁੱਕਰ ਚੁੱਕੀ ਹੈ। ਜਿਸ ਕਰਕੇ ਪੰਜਾਬ ਦੇ ਪੈਨਸ਼ਨਰ ਮਾਰਚ ਦੇ ਪਹਿਲੇ ਹਫਤੇ ਬੱਜਟ ਤੋਂ ਪਹਿਲਾਂ ਸੰਗਰੂਰ ਵਿਖੇ ਇਕ ਵਿਸ਼ਾਲ ਰੈਲੀ ਅਤੇ ਮਾਰਚ ਕਰਨ ਲਈ ਤਿਆਰੀਆਂ ਵਿੱਢ ਚੁੱਕੇ ਹਨ। ਉਪਰੋਕਤ ਆਗੂਆਂ ਨੇ ਦੱਸਿਆ ਕਿ ਸਾਰੀਆਂ ਜੱਥੇਬੰਦੀਆਂ ਸਾਂਝੇ ਤੌਰ ’ਤੇ ਆਪਣਾਆਪਣਾ ਪੂਰਨ ਯੋਗਦਾਨ ਪਾ ਕੇ ਸੰਘਰਸ਼ ਨੂੰ ਕਾਮਯਾਬ ਕਰਨਗੀਆਂ। ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਗਿਆਨ ਸਿੰਘ ਸੇਵਾ ਮੁਕਤ ਡੀਪੀਆਰਓ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਘਰਸ਼ ਵਿਚ ਸ਼ਮੂਲੀਅਤ ਕਰਨ ਦੇ ਪ੍ਰੋਗਰਾਮ ਉਲੀਕਣ ਲਈ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਸਬਡਵੀਜ਼ਨ ਬਾਘਾਪੁਰਾਣਾ, ਧਰਮਕੋਟ ਦੀ ਮੀਟਿੰਗ 7 ਫਰਵਰੀ, ਨਿਹਾਲ ਸਿੰਘ ਵਾਲਾ ਦੀ 9 ਫਰਵਰੀ , ਮੋਗਾ ਜਿਲ੍ਹਾ ਕਮੇਟੀ ਅਤੇ ਸਬ ਡਵੀਜ਼ਨਾਂ ਦੀ ਸਾਂਝੀ ਮੀਟਿੰਗ 13 ਫਰਵਰੀ ਨੂੰ 10 ਵਜੇ ਤੋਂ 12 ਵਜੇ ਤੱਕ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਹੋਵੇਗੀ।