- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਖਮੰਦਰ ਸਿੰਘ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਦੌਧਰ ਨੇ ਜ਼ਿਲ੍ਹੇ ਦੇ ਸਮੂਹ ਡੀਡੀਓਜ਼ ਨੂੰ ਇਕ ਪੱਤਰ ਜਾਰੀ ਕਰਕੇ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ -ਕਮਿਸ਼ਨ ਦੇ ਬਕਾਏ ਦੇਣ ਲਈ 18 ਫਰਵਰੀ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ 1 ਜਨਵਰੀ 2016 ਤੋਂ 30 ਜੂਨ - 2021 ਦਰਮਿਆਨ ਸੇਵਾ ਕਰ ਚੁੱਕੇ ਮੁਲਾਜ਼ਮਾਂ ਪੈਨਸ਼ਨਰਾਂ ਦੇ ਤਨਖ਼ਾਹ ਸੁਧਾਈ ਦੇ ਬਣਦੇ ਬਕਾਏ ' ਪਹਿਲੀ ਅਪ੍ਰੈਲ 2026 ਤੋਂ 12 ਬਰਾਬਰ ਕਿਸ਼ਤਾ ਅਤੇ 1 ਮਈ 2027 ਤੋਂ 24 ਕਿਸ਼ਤਾਂ ਵਿੱਚ ਦੇਣ ਲਈ ਕਿਹਾ ਗਿਆ ਹੈ। ਜੱਥੇਬੰਦੀ ਨੇ ਸਮੂਹ ਡੀਡੀਓਜ ਨੂੰ ਅਪੀਲ ਕੀਤੀ ਹੈ ਕਿ ਸਬੰਧਤ ਪੈਨਸ਼ਨਰਾਂ ਤੋਂ ਬੇਨਤੀ ਪੱਤਰ ਅਤੇ ਸਵੈ-ਘੋਸਣਾ ਜਾਂ ਕੋਈ ਹੋਰ ਦਸਤਾਵੇਜ਼ ਲੈਣੇ ਹਨ ਤਾਂ ਉਨ੍ਹਾਂ ਨੂੰ ਮੋਬਾਇਲ ਫ਼ੋਨ ਰਾਹੀਂ ਜਾਂ ਅਖ਼ਬਾਰ ਰਾਹੀਂ ਸੂਚਿਤ ਕੀਤਾ ਜਾਵੇ ਤਾਂ ਕਿ ਸੇਵਾ ਮੁਕਤ ਮੁਲਾਜ਼ਮ ਪੈਨਸ਼ਨਰ ਕੋਈ ਬਕਾਏ ਪ੍ਰਾਪਤ ਕਰਨ ਤੋਂ ਵਾਂਝਾ ਨਾ ਰਹਿ ਜਾਵੇ। ਜੱਥੇਬੰਦੀ ਦੇ ਪ੍ਰੈੱਸ ਸਕੱਤਰ ਗਿਆਨ ਸਿੰਘ ਸਾਬਕਾ ਡੀਪੀਆਰਓ ਨੇ ਸਬੰਧਤ ਪੈਨਸ਼ਨਰ -ਮੁਲਾਜਮ (ਜੋ 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਹਨ) ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ ਆਪਣੇ ਡੀਡੀਓਜ਼ ਦੇ ਧਿਆਨ ਵਿਚ ਲਿਆਉਣ ਲਈ ਪੱਤਰ ਲਿਖ ਕੇ ਦੇਣ ਤਾਂ ਕਿ ਉਨ੍ਹਾਂ ਨੂੰ ਛੇਵੇਂ ਪੇ ਕਮਿਸ਼ਨ ਦੇ ਬਣਦੇ ਬਕਾਏ ਸਮੇਂ ਸਿਰ ਮਿਲ ਸਕਣ। ਇਸ ਸਮੇਂ ਸਬ ਡਵੀਜ਼ਨਾਂ ਦੇ ਪ੍ਰਧਾਨ ਅਤੇ ਸਕੱਤਰ ਸਰਬ ਪ੍ਰੇਮ ਕੁਮਾਰ, ਜਗਜੀਤ ਸਿੰਘ ਰਖਰਾ ਮੋਗਾ 1, ਤੇਜਾ ਸਿੰਘ ਘੱਲ ਕਲਾਂ, ਭੁਪਿੰਦਰ ਸਿੰਘ ਜੋਗੇ ਵਾਲਾ ਮੋਗਾ 2, ਬਿੱਕਰ ਸਿੰਘ ਮਾਛੀਕੇ, ਰੂਪ ਸਿੰਘ ਦੀਨਾ ਨਿਹਾਲ ਸਿੰਘ ਵਾਲਾ, ਗੁਰਜੰਟ ਸਿੰਘ ਸੰਘਾ, ਅਮਰਜੀਤ ਸਿੰਘ ਮਾਣੂੰਕੇ, ਬਾਘਾਪੁਰਾਣਾ ਅਤੇ ਮੇਵਾ ਸਿੰਘ, ਮਨਜੀਤ ਸਿੰਘ ਧਰਮਕੋਟ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਬਿਮਾਰੀਆਂ ’ਤੇ ਹੋਏ ਖ਼ਰਚਿਆਂ ਦੀ ਪ੍ਰਤੀ ਪੂਰਤੀ ਤੁਰੰਤ ਕੀਤੀ ਜਾਵੇ ਅਤੇ ਲੋੜੀਂਦਾ ਬੱਜਟ ਸਮੂਹ ਡੀਡੀਓਜ਼ ਨੂੰ ਜਾਰੀ ਕੀਤਾ ਜਾਵੇ। ਜੱਥੇਬੰਦੀ ਨੇ ਸੇਵਾ ਮੁਕਤ ਸਾਇੰਸ ਮਾਸਟਰ ਰਾਜਿੰਦਰ ਸਿੰਘ ਢੁੱਡੀਕੇ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਦੇ ਨਾਲ ਜਨਤਕ ਜਥੇਬੰਦੀਆਂ ਵਿਚ ਕੰਮ ਕਰਦੇ ਰਹੇ ਸਾਬਕਾ ਆਗੂਆਂ ਹਾਕਮ ਸਿੰਘ ਧਾਲੀਵਾਲ, ਬਲਬੀਰ ਸਿੰਘ, ਸੁਰਿੰਦਰ ਸਿੰਘ ਮੋਗਾ, ਸੁਖਮੰਦਰ ਸਿੰਘ, ਭਜਨ ਸਿੰਘ ਗਿੱਲ, ਸੁਰਿੰਦਰ ਰਾਮ ਕੁੱਸਾ, ਕ੍ਰਿਸ਼ਨ ਦਿਆਲ, ਰਾਜਬੀਰ ਸਿੰਘ ਬੁੱਟਰ, ਪਰਮਜੀਤ ਸਿੰਘ, ਸੁਖਦੇਵ ਸਿੰਘ ਨੇ ਦੱਸਿਆ ਕਿ ਸਾਥੀ ਰਜਿੰਦਰ ਸਿੰਘ ਢੁੱਡੀਕੇ ਨੇ ਅਧਿਆਪਕ ਹਿਤਾਂ ਲਈ ਬੇਰੁਜ਼ਗਾਰ ਅਧਿਆਪਕ ਯੂਨੀਅਨ, ਅਧਿਆਪਕ ਜਥੇਬੰਦੀਆਂ ਜੀਟੀਯੂ, ਡੀਟੀਐੱਫ ਵਿਚ ਸਮੇਂ ਸਮੇਂ ਆਪਣਾ ਬਣਦਾ ਯੋਗਦਾਨ ਪਾਇਆ। ਪੰਜਾਬ ਦੇ ਕਾਲੇ ਦੌਰ ਵਿਚ ਸਰਕਾਰੀ ਜ਼ਬਰ ਅਤੇ ਧਾਰਮਿਕ ਫਿਰਕਾ ਪ੍ਰਸਤੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ, ਉਹ ਇਕ ਵਧੀਆ ਅਧਿਆਪਕ, ਸੂਝਵਾਨ ਆਗੂ, ਚੰਗੇ ਮਿੱਤਰ ਅਤੇ ਵਧੀਆ ਇਨਸਾਨ ਵਜੋਂ ਯਾਦ ਰੱਖੇ ਜਾਣਗੇ। ਉਨ੍ਹਾਂ ਦਾ ਅੰਤਿਮ ਸਸਕਾਰ ਮੋਗਾ ਵਿਖੇ 22 ਮਾਰਚ ਦਿਨ ਐਤਵਾਰ ਨੂੰ ਕੀਤਾ ਜਾਵੇਗਾ।