ਸ਼ਰਧਾਲੂਆਂ ਨੇ ਮਾਣਿਆ ਕਥਾ ਕੀਰਤਨ ਦਾ ਆਨੰਦ
ਬ੍ਰਹਮਲੀਨ ਸਵਾਮੀ ਵੇਦਾਂਤਾਨੰਦ
Publish Date: Thu, 11 Jun 2026 03:43 PM (IST)
Updated Date: Fri, 12 Jun 2026 04:03 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਦੀ ਪਾਵਨ ਤਪੋਭੂਮੀ ਅਤੇ ਬ੍ਰਹਮਲੀਨ ਸਵਾਮੀ ਸਹਿਜ ਪ੍ਰਕਾਸ਼ ਜੀ ਮਹਾਰਾਜ ਦੀ ਕਰਮਭੂਮੀ ਗੀਤਾ ਭਵਨ ’ਚ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਤਹਿਤ ਪੁਰਸ਼ੋਤਮ ਮਾਸ ਦੇ ਸ਼ੁੱਭ ਅਵਸਰ ’ਤੇ ਕਰਵਾਏ ਜਾ ਰਹੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਚੌਥੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਉਮੜੀ। ਕਥਾ ਸਥਾਨ ਭਗਵਾਨ ਸ਼੍ਰੀਹਰੀ ਦੇ ਜੈਕਾਰਿਆਂ, ਭਜਨ-ਕੀਰਤਨ ਅਤੇ ਵੇਦਿਕ ਮੰਤਰ ਉਚਾਰਣ ਨਾਲ ਗੂੰਜਦਾ ਰਿਹਾ। ਸ਼ਰਧਾਲੂਆਂ ਨੇ ਕਥਾ ਵਿਆਸ ਦੇ ਸ਼੍ਰੀਮੁਖ ਤੋਂ ਨਿਕਲੇ ਅੰਮ੍ਰਿਤਮਈ ਬਚਨਾਂ ਦਾ ਸਰਵਣ ਕਰਕੇ ਆਧਿਆਤਮਿਕ ਆਨੰਦ ਦੀ ਅਨੁਭੂਤੀ ਕੀਤੀ। ਸਮਾਗਮ ਵਿਚ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂਮੰਤਰੀ ਅੰਸ਼ੁਲ ਸ਼੍ਰੀਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉੱਪ ਪ੍ਰਧਾਨ ਰਵਿੰਦਰ ਸੂਦ, ਉੱਪ ਪ੍ਰਧਾਨ ਭਾਰਤ ਅਗਰਵਾਲ, ਖਜ਼ਾਨਚੀ ਯੋਗੇਸ਼ ਗਰਗ ਅਤੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਇਸ ਮੌਕੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਕੇਵਲ ਧਾਰਮਿਕ ਅਨੁਸ਼ਠਾਨ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਸੱਚ, ਸੇਵਾ, ਸੰਸਕਾਰ ਅਤੇ ਭਗਤੀ ਦੇ ਮਾਰਗ ’ਤੇ ਚਲਣ ਦੀ ਪ੍ਰੇਰਣਾ ਦੇਣ ਵਾਲਾ ਦਿਵਿਆ ਗਿਆਨ ਯੱਗ ਹੈ। ਕਥਾ ਵਿਆਸ ਆਚਾਰਿਆ ਪੰਡਤ ਸਤਿਨਾਰਾਇਣ ਨੇ ਚੌਥੇ ਦਿਨ ਸ਼ਰਧਾਲੂਆਂ ਨੂੰ ਧਰੂਵ ਚਰਿੱਤਰ ਦਾ ਮਾਰਮਿਕ ਅਤੇ ਪ੍ਰੇਰਣਾਦਾਇਕ ਪ੍ਰਸੰਗ ਸੁਣਾਇਆ। ਉਨ੍ਹਾਂ ਕਿਹਾ ਕਿ ਧਰੂਵ ਚਰਿੱਤਰ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਜੀਵਨ ਵਿਚ ਹਾਲਾਤ ਭਾਵੇਂ ਕਿੰਨੇ ਵੀ ਵਿਰੋਧੀ ਕਿਉਂ ਨਾ ਹੋਣ, ਜੇਕਰ ਮਨੁੱਖ ਦੇ ਅੰਦਰ ਭਗਵਾਨ ਪ੍ਰਤੀ ਅਟੁੱਟ ਵਿਸ਼ਵਾਸ, ਧੀਰਜ ਅਤੇ ਸਮਰਪਣ ਹੈ ਤਾਂ ਉਹ ਅਸੰਭਵ ਨੂੰ ਵੀ ਸੰਭਵ ਬਣਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਰਸ਼ੋੱਤਮ ਮਾਸ ’ਚ ਸ਼੍ਰੀਮਦ ਭਾਗਵਤ ਕਥਾ ਦਾ ਸਰਵਣ ਵਿਸ਼ੇਸ਼ ਫਲਦਾਇਕ ਮੰਨਿਆ ਗਿਆ ਹੈ। ਕਥਾ ਦੌਰਾਨ ਸ਼ਰਧਾਲੂ ਭਗਵਾਨ ਸ਼੍ਰੀਹਰੀ ਦੇ ਭਜਨਾਂ ’ਤੇ ਭਾਵ-ਵਿਭੋਰ ਹੋ ਕੇ ਝੂਮ ਉੱਠੇ। ਸਾਰਾ ਮਾਹੌਲ ਭਗਤੀ ਰਸ ਨਾਲ ਸਰਾਬੋਰ ਦਿਖਾਈ ਦਿੱਤਾ। ਸ਼ਰਧਾਲੂਆਂ ਨੇ ਕਥਾ ਉਪਰੰਤ ਗੀਤਾ ਭਵਨ ਟਰੱਸਟ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ। ਅੰਤ ’ਚ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਅਤੇ ਹੋਰ ਅਹੁਦੇਦਾਰਾਂ ਨੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਕਥਾ ਵਿਚ ਨਿਯਮਿਤ ਤੌਰ ’ਤੇ ਸ਼ਾਮਲ ਹੋਣ।