ਹੜ੍ਹ ਦੇ ਝੰਬੇ ਧਰਮਕੋਟ ਹਲਕੇ ਦੇ ਕਿਸਾਨਾਂ ’ਤੇ ਹੁਣ ਮੌਸਮ ਦਾ ਕਹਿਰ
ਹਲਕੇ ਦੇ ਕਿਸਾਨਾਂ ਤੇ ਹੁਣ
Publish Date: Sun, 05 Apr 2026 07:06 PM (IST)
Updated Date: Mon, 06 Apr 2026 04:08 AM (IST)

ਬੇਮੌਸਮੀ ਬਾਰਿਸ਼ ਨਾਲ ਹੋਈ ਗੜੇਮਾਰੀ ਨੇ ਸੈਂਕੜੇ ਏਕੜ ਕਣਕ ਦੀ ਫਸਲ ਕੀਤੀ ਬਰਬਾਦ, ਕਿਸਾਨ ਤਬਾਹੀ ਕੰਢੇ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਧਰਮਕੋਟ : ਹੜ੍ਹਾਂ ਦੇ ਝੰਬੇ ਧਰਮਕੋਟ ਹਲਕੇ ਦੇ ਕਿਸਾਨਾਂ ਤੇ ਹੁਣ ਬੇ ਮੌਸਮੀ ਬਾਰਿਸ਼ ਦੇ ਕਹਿਰ ਨੇ ਸਤਾਏ ਕਿਸਾਨਾਂ ਨੂੰ ਕੱਖੋਂ ਹੌਲਿਆਂ ਕਰ ਦਿੱਤਾ ਹੈ। ਸ਼ੀਨਵਾਰ ਦੀ ਦਪੁਹਿਰ ਸੁੱਕੇ ਅੰਬਰੀ ਪਏ ਗੜਿਆਂ ਨੇ ਕਿਸਾਨਾਂ ਦੀ ਸੈਂਕੜੇ ਏਕੜ ਖੜ੍ਹੀ ਕਣਕ, ਸਰੋਂ, ਮੱਕੀ, ਹਰਾ ਚਾਰਾ ਅਤੇ ਲਸਣ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀਆਂ ਹਨ ਜਿਸ ਨਾਲ ਕਿਸਾਨ ਭਾਰੀ ਆਰਥਿਕ ਸੰਕਟ ਵਿਚ ਫਸ ਗਏ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਕੜਿਆਲ ਦੇ ਰਹਿਣ ਵਾਲੇ ਮਹਿਰ ਸਿੰਘ ਸੀਨੀਅਰ ਅਕਾਲੀ ਆਗੂ ਨੇ ਦੱਸਿਆ ਕਿ ਜਸਪਾਲ ਸਿੰਘ ਉਰਫ ਪਾਲਾ ਜਿਸ ਨੇ 25 ਏਕੜ ਕਣਕ ਠੇਕੇ ਲੈ ਕੇ ਕਾਸ਼ ਕੀਤੀ ਜੋ ਬੁਰੀ ਖਰਾਬ ਹੋ ਗਈ। ਕੜਿਆਲ ਦੇ ਕਿਸਾਨ ਨਿਰਮਲ ਸਿੰਘ, ਜਸਵੰਤ ਸਿੰਘ, ਗਗਨਦੀਪ ਸਿੰਘ, ਅਵਤਾਰ ਸਿੰਘ ਅਤੇ ਨੂਰਪੁਰ ਦੇ ਕਿਸਾਨ ਭੁਪਿੰਦਰ ਸਿੰਘ, ਜਸਕਰਨ ਸਿੰਘ, ਹਰਜਿੰਦਰ ਸਿੰਘ, ਰਾਜਵਿੰਦਰ ਸਿੰਘ, ਹਰਜੀਤ ਸਿੰਘ, ਗੁਰਜੀਤ ਸਿੰਘ ਅਤੇ ਅਵਤਾਰ ਸਿੰਘ ਆਦਿ ਕਿਸਾਨਾਂ ਨੇ ਆਪਣਾ ਬਿਆਨ ਦਰਦ ਕਰਦਿਆਂ ਸਰਕਾਰ ਨੂੰ ਤੁਰੰਤ ਮਦਦ ਲਈ ਗੁਹਾਰ ਲਗਾਈ ਹੈ। ਉਕਤ ਪੀੜਤ ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਅਤੇ ਕੇਂਦਰ ਸਰਕਾਰ ਘੱਟੋ-ਘੱਟ ਪ੍ਰਤੀ ਏਕੜ 70 ਹਜਾਰ ਮੁਆਵਜ਼ਾ ਤੁਰੰਤ ਜਾਰੀ ਕਰੇ ਤਾਂ ਜੋ ਉਹ ਆਪਣੀ ਅਗਲੀ ਫਸਲ ਲਈ ਤਿਆਰੀ ਕਰ ਸਕਣ। ਪੀੜਤ ਕਿਸਾਨਾਂ ਨੇ ਦੱਸਿਆ ਕਿ ਜ਼ਿਆਦਾਤਰ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਲਈ ਹੋਈ ਸੀ, ਜਿਸਦਾ ਠੇਕਾ ਲਗਪਗ 80 ਹਜਾਰ ਪ੍ਰਤੀ ਏਕੜ ਸੀ। ਹੁਣ ਫਸਲ ਬਰਬਾਦ ਹੋਣ ਕਾਰਨ ਉਹ ਕਰਜ਼ੇ ਅਤੇ ਨੁਕਸਾਨ ਦੇ ਭਾਰ ਹੇਠ ਦੱਬ ਗਏ ਹਨ। ਆਪਣੀ ਬਰਬਾਦ ਹੋ ਚੁੱਕੀ ਫਸਲ ਨੂੰ ਦੇਖ ਫੁੱਟ ਫੁੱਟ ਰੋ ਰਹੇ ਕਿਸਾਨਾਂ ਨੇ ਕਿਹਾ ਜੇਕਰ ਸਰਕਾਰ ਨੇ ਇਸ ਵਾਰ ਸਹਾਰਾ ਨਾ ਦਿੱਤਾ ਤਾਂ ਉਹ ਅਗਲੀ ਫਸਲ ਵੀ ਨਹੀਂ ਬੀਜ਼ ਸਕਣਗੇ। ਉਨ੍ਹਾਂ ਦੱਸਿਆ ਇਸ ਸੰਕਟ ਦੀ ਘੜੀ ਵਿਚ ਕੁਝ ਪ੍ਰਵਾਸੀ ਭਾਰਤੀਆਂ ਨੇ ਜਿਨ੍ਹਾਂ ਤੋਂ ਜਮੀਨ ਠੇਕੇ ਦੇ ਲਈ ਸੀ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕਰਦਿਆਂ ਪੀੜਤ ਕਿਸਾਨਾਂ ਦੀ ਮਦਦ ਲਈ ਹੱਥ ਵਧਾਇਆ। ਉਨ੍ਹਾਂ ਨੇ ਪ੍ਰਤੀ ਏਕੜ ਤਿੰਨ ਕੁ ਹਜਾਰ ਛੱਡ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਅਤੇ ਹੋਰ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਹੈ। ਕੁਝ ਕਿਸਾਨ ਜਥੇਬੰਦੀਆਂ ਨੇ ਧਰਮਕੋਟ ਦੇ ਪਿੰਡ ਕੰਡਿਆਲ ਰਸੂਲਪੁਰ, ਬਾਕਰਾਂ ਵਾਲਾ, ਮੌਜੇਵਾਲਾ, ਬਸਤੀ ਚਿਰਾਗ ਸ਼ਾਹ, ਰੇੜਵਾਂ ਅਤੇ ਬਾਜੇਕੇ ਵਿਚ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਨੁਕਸਾਨ ਦਾ ਮੁਆਇਨਾ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਦਰਦ ਸੁਣਿਆ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਿਰਪੱਖ ਤਰੀਕੇ ਨਾਲ ਪੀੜਿਤ ਕਿਸਾਨਾਂ ਨੂੰ ਤੁਰੰਤ 50 ਹਜਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਵੀ ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਮੁਸ਼ਕਲ ਘੜੀ ਵਿਚ ਲੋਕਾਂ ਦੀ ਮਦਦ ਲਈ ਅੱਗੇ ਆਉਣ। ਆਗੂਆਂ ਨੇ ਇਹ ਵੀ ਅਪੀਲ ਕੀਤੀ ਕਿ ਵੱਖ-ਵੱਖ ਪਿੰਡਾਂ ਨਾਲ ਸਬੰਧਤ ਐੱਨਆਰਆਈ ਭਰਾਵਾਂ ਨੂੰ ਵੀ ਇਸ ਸੰਕਟ ਵੇਲੇ ਆਪਣੇ ਪਿੰਡਾਂ ਦੇ ਕਿਸਾਨਾਂ ਦਾ ਸਹਾਰਾ ਬਣਨ ਅਤੇ ਅੱਗੇ ਆ ਕੇ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ। ਪਿੰਡਾਂ ਵਿਚ ਮੌਜੂਦ ਕਿਸਾਨਾਂ ਨੇ ਕਿਹਾ ਕਿ ਜੇ ਤੁਰੰਤ ਮਦਦ ਨਾ ਮਿਲੀ ਤਾਂ ਉਨ੍ਹਾਂ ਲਈ ਅਗਲੀ ਫਸਲ ਬੀਜਾਈ ਕਰਨਾ ਵੀ ਮੁਸ਼ਕਲ ਹੋ ਜਾਵੇਗਾ।