ਕਿੱਥੇ ਰੱਖ ਲਾਂ ਲਕੋ ਕਿ ਤੈਨੂੰ ਕਣਕੇ ਰੁੱਤ ਬੇਈਮਾਨ ਹੋ ਗਈ
ਮੰਗਲਵਾਰ ਦੀ ਸ਼ਾਮ ਆਈ ਹਲਕੀ ਬਾਰਿਸ਼
Publish Date: Tue, 31 Mar 2026 06:27 PM (IST)
Updated Date: Wed, 01 Apr 2026 04:10 AM (IST)

ਮਨਪ੍ਰੀਤ ਸਿੰਘ ਮੱਲੇਆਣਾ , ਪੰਜਾਬੀ ਜਾਗਰਣ ਮੋਗਾ : ਮੰਗਲਵਾਰ ਦੀ ਸ਼ਾਮ ਆਈ ਹਲਕੀ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ਵਿਚ ਡੋਬ ਕੇ ਰੱਖ ਦਿੱਤਾ ਹੈ, ਅੰਬਰ ਵਿਚ ਚੜ੍ਹ ਆਈਆਂ ਕਾਲੀਆਂ ਘਟਾਵਾਂ ਨੇ ਪੰਜਾਬ ਦੇ ਕਿਸਾਨਾਂ ’ਤੇ ਚਿੰਤਾ ਦੀਆਂ ਲਕੀਰਾਂ ਨੂੰ ਹੋਰ ਗੂੜ੍ਹਾ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਤੱਕ ਦਿੱਤੀ ਤੇਜ਼ ਬਾਰਿਸ਼ ਅਤੇ ਹਲਕੀ ਗੜੇਮਾਰੀ ਨੇ ਕਿਸਾਨਾਂ ਨੂੰ ਮੁੜ ਤੋਂ ਫ਼ਿਕਰਾਂ ਵਿਚ ਪਾ ਦਿੱਤਾ ਹੈ। ਖ਼ਰਾਬ ਹੋਏ ਮੌਸਮ ਨੂੰ ਦੇਖਦਿਆਂ ਕਿਸਾਨਾਂ ਨੇ ਰੱਬ ਅੱਗੇ ਅਰਜ਼ੋਈਆਂ ਸ਼ੁਰੂ ਕਰ ਦਿੱਤੀਆਂ ਹਨ। ਆਲੂਆਂ ਦੀ ਫ਼ਸਲ ਨਾ ਵਿਕਣ ਕਾਰਨ ਪਹਿਲਾਂ ਤੋਂ ਹੀ ਨਿਰਾਸ਼ ਬੈਠੇ ਕਿਸਾਨਾਂ ਨੂੰ ਹੁਣ ਦੂਹਰੀ ਚਿੰਤਾ ਸਤਾਅ ਰਹੀ ਹੈ। ---- ਪੱਕੀ ਕਣਕ ’ਤੇ ਬਾਰਿਸ਼ ਪੈਂਦੀ ਹੈ ਤਾਂ ਨਹੀਂ ਪਵੇਗਾ ਕੁੱਝ ਵੀ ਪੱਲੇ : ਕਿਸਾਨ ਮੋਗਾ ਦੇ ਨੌਜਵਾਨ ਕਿਸਾਨ ਕਰਮਜੀਤ ਸਿੰਘ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਕਰਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਆਲੂਆਂ ਦੀ ਫ਼ਸਲ ਤੋਂ ਨਿਰਾਸ਼ ਬੈਠੇ ਹਨ, ਜੇਕਰ ਹੁਣ ਕਣਕ ਦੀ ਫ਼ਸਲ ਤੇ ਬਾਰਿਸ਼ ਨਾਲ ਗੜੇਮਾਰੀ ਹੁੰਦੀ ਹੈ ਤਾਂ ਕਿਸਾਨਾਂ ਦੇ ਪੱਲੇ ਸਿਵਾਏ ਨਿਰਾਸ਼ਾ ਦੇ ਕੁੱਝ ਵੀ ਨਹੀਂ ਪੈਣਾ। ਅਸਮਾਨ ਵੱਲ ਸਾਏ ਕਾਲੇ ਬੱਦਲ ਅਤੇ ਗਰਜ਼ ਰਹੇ ਅਸਮਾਨ ਨਾਲ ਕਿਸਾਨਾਂ ਨੂੰ ਹੋਰ ਚਿੰਤਾ ਸਤਾਅ ਰਹੀ ਹੈ, ਕਿਧਰੇ ਮੌਸਮ ਵਿਗੜ ਗਿਆ ਤਾਂ ਕਿਸਾਨਾਂ ਨੂੰ ਹੋਰ ਮੰਦਹਾਲੀ ਵੱਲ ਧੱਕ ਦੇਵੇਗਾ। ਉਨ੍ਹਾਂ ਕਿਹਾ ਕਿ ਹੁਣ ਤਾਂ ਰੱਬ ਗਿਣਵੇਂ ਚੁਣਵੇਂ ਦਿਨ ਹੋਰ ਦੇ ਦਵੇ ਤਾਂ ਜੋ ਕਣਕ ਦੀ ਫ਼ਸਲ ਨੂੰ ਸਾਂਭਿਆਂ ਜਾ ਸਕੇ। ----- ਆਲੂਆਂ ਦੀ ਫ਼ਸਲ ਖੇਤ ’ਚ ਕਣਕ ਦੀ ਵਾਢੀ ਦਾ ਫ਼ਿਕਰ ਮੋਗਾ ਜ਼ਿਲ੍ਹੇ ਦੇ ਪਿੰਡ ਮੱਲੇਆਣਾ ਦੇ ਕਿਸਾਨ ਜਗਦੇਵ ਸਿੰਘ ਭੰਗੂ, ਬੇਅੰਤ ਸਿੰਘ ਧਾਲੀਵਾਲ ਅਤੇ ਛਿੰਦਰ ਸਿੰਘ ਨੇ ਕਿਹਾ ਕਿ ਅਜੇ ਤਾਂ ਆਲੂਆਂ ਦੀ ਫ਼ਸਲ ਕਿਸਾਨਾਂ ਦੇ ਖੇਤਾਂ ਵਿਚ ਰੁਲ ਰਹੀ ਹੈ ਉੱਤੋਂ ਵਿਗੜੇ ਮੌਸਮ ਦੇ ਮਿਜ਼ਾਜ਼ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਦਾ ਫ਼ਿਕਰ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਮੌਸਮ ਮਾਹਿਰਾਂ ਵੱਲੋਂ ਦਿੱਤੀ ਚਿਤਾਵਨੀ ਤੋਂ ਬਾਅਦ ਕਿਸਾਨਾਂ ਨੂੰ ਕਣਕ ਦੀ ਫ਼ਸਲ ਦਾ ਫ਼ਿਕਰ ਸਤਾ ਰਿਹਾ ਹੈ ਕਿੱਧਰੇ ਖ਼ਰਾਬ ਹੋਏ ਮੌਸਮ ਦੀ ਭੇਟ ਕਣਕ ਦੀ ਫ਼ਸਲ ਨਾ ਚੜ੍ਹ ਜਾਵੇ। ---- ਅਗਲੇ ਦੋ ਦਿਨਾਂ ਤੱਕ ਮੌਸਮ ਖ਼ਰਾਬ ਦੀ ਚਿਤਾਵਨੀ ਮੌਸਮ ਮਾਹਿਰਾਂ ਵੱਲੋਂ ਅਗਲੇ ਦੋ ਦਿਨਾਂ ਤੱਕ ਮੌਸਮ ਖ਼ਰਾਬ ਦੀ ਦਿੱਤੀ ਚਿਤਾਵਨੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਡੋਬ ਦਿੱਤਾ ਹੈ, ਦੇਰ ਸ਼ਾਮ ਆਈਆਂ ਕਾਲੀਆਂ ਘਟਾਵਾਂ ਨਾਲ ਹਲਕੀ ਬਾਰਿਸ਼ ਨੇ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਨੂੰ ਨੁਕਸਾਨ ਦੀ ਸੰਭਾਵਨਾ ਜਿਤਾ ਦਿੱਤੀ ਹੈ। ਜ਼ਿਲ੍ਹੇ ਦੇ ਲਾਗਲੇ ਇਲਾਕਿਆਂ ਵਿਚ ਬਾਰਿਸ਼ ਨਾਲ ਹੋਈ ਹਲਕੀ ਗੜੇਮਾਰੀ ਦੀਆਂ ਖ਼ਬਰਾਂ ਨਾਲ ਕਿਸਾਨਾਂ ਨੂੰ ਕਣਕ ਦਾ ਫ਼ਿਕਰ ਲੱਗ ਗਿਆ ਹੈ। ਕਿਸਾਨ ਖੇਤਾਂ ਵਿਚ ਸੋਨੇ ਰੰਗੀ ਹੋਈ ਕਣਕ ਦੀ ਫ਼ਸਲ ਨੂੰ ਦੇਖ ਰੱਬ ਅੱਗੇ ਅਰਦਾਸਾਂ ਕਰਦੇ ਨਜ਼ਰ ਆ ਰਹੇ ਹਨ। ---- ਆਲੂਆਂ ਦੀ ਫ਼ਸਲ ਨੂੰ ਸਮੇਟਣ ਵਿਚ ਰੁੱਝੇ ਕਿਸਾਨਾਂ ਨੂੰ ਕਣਕ ਦਾ ਫ਼ਿਕਰ ਆਲੂ ਕਾਸ਼ਤਕਾਰ ਕਿਸਾਨ ਬੇਅੰਤ ਸਿੰਘ ਸਿੱਧੂ ਅਤੇ ਮੇਜਰ ਸਿੰਘ ਰਸੂਲਪੁਰ ਨੇ ਕਿਹਾ ਕਿ ਅਜੇ ਤਾਂ ਕਿਸਾਨ ਆਲੂਆਂ ਦੀ ਫ਼ਸਲ ਨੂੰ ਸਮੇਟਣ ਵਿਚ ਰੁੱਝੇ ਹੋਏ ਹਨ, ਉਧਰ ਖ਼ਰਾਬ ਹੋਏ ਮੌਸਮ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਮੁੜ ਫ਼ਿਕਰਾਂ ਵਿਚ ਪਾ ਦਿੱਤਾ ਹੈ। ਆਲੂਆਂ ਦੇ ਮੰਦੇ ਭਾਅ ਅਤੇ ਘੱਟ ਝਾੜ ਨੇ ਸਤਾਏ ਕਿਸਾਨ ਕਣਕ ਦੀ ਫ਼ਸਲ ’ਤੇ ਆਸਾਂ ਲਗਾਈ ਬੈਠੇ ਸਨ ਪਰ ਅਚਾਨਕ ਮੌਸਮ ਵਿਚ ਆਈ ਤਬਦੀਲੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇਸ ਵਾਰ ਤਾਂ ਸਰਕਾਰਾਂ ਦੇ ਨਾਲ ਨਾਲ ਕੁਦਰਤ ਵੀ ਸਾਥ ਨਹੀਂ ਦੇ ਰਹੀ।