ਸੁਖਮਨੀ ਸਾਹਿਬ ਦੇ ਪਾਠ ਨਾਲ ਦਸਮੇਸ਼ ਸਕੂਲ ਦਾ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ
Publish Date: Thu, 02 Apr 2026 04:41 PM (IST)
Updated Date: Fri, 03 Apr 2026 04:07 AM (IST)

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦਾ ਨਵਾਂ ਵਿੱਦਿਅਕ ਸੈਸ਼ਨ ਸੁਖਮਨੀ ਸੇਵਾ ਸੁਸਾਇਟੀ, ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਸੰਗਤ ਰੂਪ ਵਿਚ ਕੀਤੇ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ੁਰੂ ਕੀਤਾ ਗਿਆ। ਪਾਠ ਉਪਰੰਤ ਸਰਬੱਤ ਦੇ ਭਲੇ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਸਮੇਂ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਅਸੀਂ ਹਰ ਸਾਲ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਨਵੇਂ ਵਿੱਦਿਅਕ ਸੈਸ਼ਨ ਦੀ ਅਰੰਭਤਾ ਕਰਦੇ ਹਾਂ। ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮਤਿ ਨਾਲ ਜੋੜਣ ਲਈ ਲਗਾਤਾਰ ਯਤਨਸ਼ੀਲ ਹਾਂ। ਉਨ੍ਹਾਂ ਖ਼ੁਲਾਸਾ ਕੀਤਾ ਕਿ ਨਵੇਂ ਦਾਖ਼ਲਿਆਂ ਪ੍ਰਤੀ ਮਾਪਿਆਂ ਅਤੇ ਬੱਚਿਆਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵਾਜ਼ਬ ਫ਼ੀਸ ਤੇ ਮਿਆਰੀ ਸਿੱਖਿਆ ਅਤੇ ਚੰਗੇ ਸੰਸਕਾਰ ਦੇਣੇ ਸੰਸਥਾ ਦੀ ਮੁੱਖ ਤਰਜ਼ੀਹ ਹੈ। ਸਕੂਲ ਪ੍ਰਬੰਧਕ ਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਗੁਣ ਅਧਾਰਿਤ ਸਿੱਖਿਆ ਦਾ ਚਾਨਣ ਹਰ ਲੋੜਵੰਦ ਤੱਕ ਪਹੁੰਚੇ। ਇਹ ਅਦਾਰਾ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਇਸ ਦਿਹਾਤੀ ਖ਼ੇਤਰ ਦੇ ਬੱਚਿਆਂ ਦੀ ਸੇਵਾ ਕਰ ਰਿਹਾ ਹੈ। ਵਾਈਸ ਪ੍ਰਿੰਸੀਪਲ ਮੈਡਮ ਮੀਨਾ ਜੈਨ ਨੇ ਦੱਸਿਆ ਕਿ ਅਸੀਂ ਸਮੇਂ ਦੀ ਲੋੜ ਅਨੁਸਾਰ ਅੰਗਰੇਜ਼ੀ ਮੀਡੀਅਮ ਵਿੱਚ ਕੁਆਲਿਟੀ ਐਜੂਕੇਸ਼ਨ ਲਈ ਪ੍ਰਤੀਬੱਧ ਹਾਂ। ਇਸੇ ਕਾਰਨ ਇਹ ਅਦਾਰਾ ਸੂਝਵਾਨ ਮਾਪਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਸੰਸਥਾ ਦੁਆਰਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪਾਏ ਜਾ ਰਹੇ ਯੋਗਦਾਨ ਬਾਰੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਹਰ ਖ਼ੇਤਰ ਵਿਚ ਵੱਡੀਆਂ ਮੱਲਾਂ ਮਾਰਦੇ ਹੋਏ ਸ਼ਾਨਦਾਰ ਪ੍ਰਾਪਤੀਆਂ ਰਾਹੀਂ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਸਮੇਂ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।