ਕਾਨਫਰੰਸ ਦੀ ਤਿਆਰੀ ਸਬੰਧੀ ਕੱਢਿਆ ਮਾਰਚ
ਸ਼ਹੀਦ ਭਗਤ ਸਿੰਘ ਵੱਲੋਂ 1926
Publish Date: Wed, 18 Mar 2026 03:57 PM (IST)
Updated Date: Thu, 19 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਸ਼ਹੀਦ ਭਗਤ ਸਿੰਘ ਵੱਲੋਂ 1926 ਵਿਚ ਨੌਜਵਾਨਾਂ ਦੀ ਬਣਾਈ ਜੱਥੇਬੰਦੀ ਨੌਜਵਾਨ ਭਾਰਤ ਸਭਾ ਨੂੰ ਮਾਰਚ ’ਚ 100 ਸਾਲ ਪੂਰੇ ਹੋਣ ਜਾ ਰਹੇ ਹਨ। ਜਿਸ ਦੇ ਤਹਿਤ ਵਰ੍ਹੇਗੰਡ ਮਨਾਉਣ ਲਈ ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲ੍ਹਾਂ ਵਿਖੇ 23 ਮਾਰਚ ਨੂੰ ਨੌਜਵਾਨਾਂ ਦੀ ਕਾਨਫ਼ਰੰਸ ਕੀਤੀ ਜਾ ਰਹੀ ਹੈ। ਕਾਨਫ਼ਰੰਸ ਦੀ ਤਿਆਰੀ ਸਬੰਧੀ ਪਿੰਡ ਪਿੰਡ ਕੈਂਡਲ ਮਾਰਚ ਕੀਤਾ ਜਾ ਰਿਹਾ ਅਤੇ ਪੋਸਟਰ ਵੰਡੇ ਜਾ ਰਹੇ ਹਨ। ਇਸ ਮੌਕੇ ਸੂਬਾ ਜਰਨਲ ਸਕੱਤਰ ਕਰਮਜੀਤ ਮਾਣੂੰਕੇ, ਜ਼ਿਲ੍ਹਾ ਆਗੂ ਰਾਜਦੀਪ ਸਿੰਘ, ਜਗਦੀਪ ਸਿੰਘ ਅਤੇ ਰਾਜਾ ਢੁੱਡੀਕੇ ਨੇ ਕਿਹਾ ਕਿ ਪੰਜਾਬ ਦੀ ਨਾਬਰ ਜਵਾਨੀ ਨੇ ਮੁਗਲ ਸਲਤਨਤ ਬ੍ਰਿਟਿਸ਼ ਹਕੂਮਤ ਦਾ ਮੂੰਹ ਮੋੜਿਆ, ਗੋਰੀ ਹਕੂਮਤ ਨੂੰ ਵਖ਼ਤ ਪਾਉਣ ਵਾਲੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਸਾਲ ਦੀ ਉਮਰ ਵਿਚ ਫਾਂਸੀ ਦੇ ਕੇ ਸ਼ਹੀਦ ਕੀਤਾ। ਭਗਤ ਸਿੰਘ ਹੋਰਾਂ ਦੀ ਨਾਬਰ ਫ਼ਿਤਰਤ ਇਸ ਗੱਲ ਤੋਂ ਝਲਕਦੀ ਸੀ ਜਦੋਂ ਉਨ੍ਹਾਂ ਮੰਗ ਕੀਤੀ ਕਿ ਅਸੀਂ ਬਾਗੀ ਹਾਂ ਸਾਨੂੰ ਗੋਲੀ ਨਾਲ ਫੁੰਡਿਆ ਜਾਵੇ। ਨਿਰਮਲ ਸਿੰਘ ਸੇਖਾ, ਸਾਧੂ ਸਿੰਘ ਸੇਖਾ ਅਤੇ ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਹਰਮਨ ਪਿਆਰਤਾ ਤੋਂ ਖੌਫ਼ ਖਾਂਦੀ ਗੋਰੀ ਹਕੂਮਤ ਨੇ 24 ਮਾਰਚ ਦੀ ਥਾਂ ਇਕ ਰਾਤ ਪਹਿਲਾਂ 23 ਮਾਰਚ ਨੂੰ ਹੀ ਫਾਂਸੀ ਦੇ ਕੇ ਲਾਸ਼ਾਂ ਟੋਟੋ ਟੋਟੋ ਕਰਕੇ ਸਤਲੁਜ ਕੰਢੇ ਸੁੱਟ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਸ਼ਹੀਦਾਂ ਦੀ ਵਿਰਾਸਤ ਤੋਂ ਦੂਰ ਹੋ ਰਹੀ ਹੈ। ਅੱਜਕੱਲ੍ਹ ਨੌਜਵਾਨ ਨਸ਼ਿਆਂ, ਅਸ਼ਲੀਲ ਫਿਲਮਾਂ ਅਤੇ ਗਲਤ ਸੋਚ ਵੱਲ ਵਧ ਰਹੇ ਹਨ। ਇਸ ਕਾਰਨ ਉਹ ਸਮਾਜਿਕ ਜ਼ਿੰਮੇਵਾਰੀਆਂ ਅਤੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਭਾਰਤ ਸਭਾ ਦੇ 100 ਸਾਲ ਪੂਰੇ ਹੋਣ ਦੇ ਮੌਕੇ ’ਤੇ ਨੌਜਵਾਨਾਂ ਨੂੰ ਆਪਣੀ ਜੁਝਾਰੂ ਵਿਰਾਸਤ ਤੋਂ ਸਿੱਖ ਕੇ ਇਨਕਲਾਬੀ ਜਜ਼ਬਾ ਪੈਦਾ ਕਰਨਾ ਚਾਹੀਦਾ ਹੈ। ਇਸ ਮੌਕੇ ਸਵਰਨ ਸਿੰਘ, ਨੰਦ ਸਿੰਘ, ਬੂਟਾ ਸਿੰਘ, ਨੀਲਾ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਸੇਮਾ ਸਿੰਘ, ਸੰਦੀਪ ਸਿੰਘ ਆਦਿ ਨੇ ਨੌਜਵਾਨੀ ਨੂੰ ਅਪੀਲ ਕੀਤੀ ਕਿ 23 ਮਾਰਚ ਨੂੰ ਵੱਡੇ ਕਾਫ਼ਲੇ ਲੈਕੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲ੍ਹਾਂ ’ਚ ਵੱਧ ਤੋਂ ਵੱਧ ਪਹੁੰਚਣ ਤਾਂ ਜੋ ਸ਼ਹੀਦਾਂ ਦੇ ਸੁਪਨਿਆਂ ਦਾ ਚੰਗਾ ਸਮਾਜ ਸਿਰਜਿਆ ਜਾ ਸਕੇ।