- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਜ਼ਿਲ੍ਹੇ ਵਿਚ ਪਿਛਲੇ ਕੁੱਝ ਦਿਨਾਂ ਤੋਂ

ਜ਼ਿਲ੍ਹੇ ’ਚ ਗੜੇਮਾਰੀ ਤੇ ਮੀਂਹ ਨਾਲ ਕਣਕ ਦੀ ਫ਼ਸਲ 80 ਫ਼ੀਸਦੀ ਤਬਾਹ, ਕਿਸਾਨ ਕਰਜ਼ੇ ਹੇਠ
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਮੋਗਾ ਜ਼ਿਲ੍ਹੇ ਵਿਚ ਪਿਛਲੇ ਕੁੱਝ ਦਿਨਾਂ ਤੋਂ ਬਦਲਦੇ ਮੌਸਮ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਉਲਟ ਕੇ ਰੱਖ ਦਿੱਤੀ ਹੈ। ਅਚਾਨਕ ਆਈ ਭਾਰੀ ਬਾਰਿਸ਼ ਅਤੇ ਗੜੇਮਾਰੀ ਨੇ ਖੇਤਾਂ ਵਿਚ ਖੜ੍ਹੀ ਸੋਨੇ ਵਰਗੀ ਕਣਕ ਦੀ ਫ਼ਸਲ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ। ਖ਼ਾਸ ਕਰਕੇ ਬਲਾਕ ਬਾਘਾਪੁਰਾਣਾ, ਧਰਮਕੋਟ ਅਤੇ ਕੋਟ ਈਸੇ ਖਾਂ ਦੇ ਇਲਾਕਿਆਂ ਵਿਚ ਤਬਾਹੀ ਦਾ ਮੰਜ਼ਰ ਵੇਖਣਯੋਗ ਨਹੀਂ, ਸਗੋਂ ਦਿਲ ਦਹਿਲਾਉਣ ਵਾਲਾ ਹੈ। ਖੇਤਾਂ ਵਿਚ ਪਾਣੀ ਖੜ੍ਹਾ ਹੋਇਆ ਹੈ, ਕਣਕ ਦੀ ਫ਼ਸਲ ਡਿੱਗ ਚੁੱਕੀ ਹੈ ਅਤੇ ਗੜਿਆਂ ਦੀ ਮਾਰ ਨਾਲ ਕਣਕ ਦੇ ਸਿਰਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਈ ਥਾਵਾਂ ’ਤੇ ਕਣਕ ਦਾ ਦਾਣਾ ਕਾਲਾ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਪੈਦਾਵਾਰ ਦੀ ਗੁਣਵੱਤਾ ਖ਼ਤਮ ਹੋਣ ਦੇ ਨਾਲ ਨਾਲ ਕਿਸਾਨਾਂ ਨੂੰ ਮੰਡੀ ਵਿਚ ਵੀ ਢੰਗ ਦਾ ਭਾਅ ਮਿਲਣ ਦੀ ਉਮੀਦ ਘੱਟ ਰਹਿ ਗਈ ਹੈ। ਮੌਕੇ ’ਤੇ ਕੀਤੇ ਜਾਇਜ਼ੇ ਅਨੁਸਾਰ ਕਈ ਪਿੰਡਾਂ ਵਿਚ 60 ਤੋਂ 80 ਫ਼ੀਸਦੀ ਤੱਕ ਫ਼ਸਲ ਤਬਾਹ ਹੋ ਚੁੱਕੀ ਹੈ। ਇਸ ਭਿਆਨਕ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਯੂਨੀਅਨ ਦਾ ਇਕ ਵੱਡਾ ਦਲ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚਿਆ। ਇਸ ਦਲ ਵਿਚ ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਅਨੁਸ਼ਾਸਨੀ ਕਮੇਟੀ ਮੈਂਬਰ ਹਰਜੀਤ ਸਿੰਘ ਮਨਾਵਾਂ, ਜ਼ਿਲ੍ਹਾ ਆਗੂ ਬਲਕਰਨ ਸਿੰਘ ਢਿੱਲੋਂ, ਬਲਵੰਤ ਸਿੰਘ ਫਤਿਹਗੜ੍ਹ ਸਮੇਤ ਕਈ ਹੋਰ ਆਗੂ ਸ਼ਾਮਲ ਸਨ। ਯੂਨੀਅਨ ਆਗੂਆਂ ਨੇ ਖੇਤਾਂ ਵਿਚ ਜਾ ਕੇ ਨੁਕਸਾਨ ਦਾ ਅਸਲੀ ਦ੍ਰਿਸ਼ ਦੇਖਿਆ ਅਤੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਦੌਰਾਨ ਕਈ ਕਿਸਾਨ ਆਪਣੇ ਦੁੱਖ ਨੂੰ ਬਿਆਨ ਕਰਦੇ ਹੋਏ ਅੱਖਾਂ ਵਿਚ ਅੱਥਰੂ ਲੈ ਕੇ ਖੜ੍ਹੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਸਾਲ ਭਰ ਦੀ ਮਿਹਨਤ ਕੁੱਝ ਘੰਟਿਆਂ ਦੀ ਆਫ਼ਤ ਨੇ ਤਬਾਹ ਕਰ ਦਿੱਤੀ ਹੈ। ਪਹਿਲਾਂ ਹੀ ਕਰਜ਼ਿਆਂ ਦੇ ਬੋਝ ਹੇਠ ਦੱਬੇ ਕਿਸਾਨਾਂ ਲਈ ਹੁਣ ਘਰ ਦਾ ਖ਼ਰਚ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਕਿਸਾਨਾਂ ਨੇ ਦਰਦ ਨਾਲ ਕਿਹਾ ਕਿ ਜੇ ਸਰਕਾਰ ਵੱਲੋਂ ਤੁਰੰਤ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਨ੍ਹਾਂ ਲਈ ਜੀਵਨ ਬਤੀਤ ਕਰਨਾ ਬੇਹੱਦ ਔਖਾ ਹੋ ਜਾਵੇਗਾ। ਕਈ ਕਿਸਾਨਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਆਫ਼ਤਾਂ ਹੀ ਕਿਸਾਨਾਂ ਨੂੰ ਖੁਦਕੁਸ਼ੀ ਵਰਗੇ ਕਦਮ ਚੁੱਕਣ ਲਈ ਮਜ਼ਬੂਰ ਕਰਦੀਆਂ ਹਨ। ਕਿਸੇ ਦਾ ਵੀ ਮਨ ਨਹੀਂ ਹੁੰਦਾ ਕਿ ਉਹ ਆਪਣੀ ਜ਼ਿੰਦਗੀ ਖ਼ਤਮ ਕਰੇ ਪਰ ਹਾਲਾਤ ਇਸ ਕਦਰ ਬੇਹਾਲ ਹੋ ਜਾਂਦੇ ਹਨ ਕਿ ਉਹ ਮਜ਼ਬੂਰੀ ਵਿਚ ਅਣਚਾਹੇ ਰਸਤੇ ਅਪਨਾਉਂਣੇ ਪੈਂਦੇ ਹਨ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਇਸ ਮੌਕੇ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਖੇਤੀਬਾੜੀ ਪੂਰੀ ਤਰ੍ਹਾਂ ਮੌਸਮ ’ਤੇ ਨਿਰਭਰ ਹੋਣ ਦੇ ਬਾਵਜੂਦ ਵੀ ਕਿਸਾਨਾਂ ਲਈ ਕੋਈ ਪੱਕੀ ਅਤੇ ਲਾਭਕਾਰੀ ਫ਼ਸਲ ਬੀਮਾ ਯੋਜਨਾ ਨਹੀਂ ਬਣਾਈ ਗਈ। ਹਰ ਵਾਰ ਕੁਦਰਤੀ ਆਫ਼ਤ ਆਉਣ ’ਤੇ ਕਮੇਟੀਆਂ ਬਣਾਈਆਂ ਜਾਂਦੀਆਂ ਹਨ ਪਰ ਨਾ ਉਹ ਮੌਕੇ ’ਤੇ ਪਹੁੰਚਦੀਆਂ ਹਨ ਅਤੇ ਨਾ ਹੀ ਕਿਸਾਨਾਂ ਨੂੰ ਸਮੇਂ ਸਿਰ ਰਾਹਤ ਮਿਲਦੀ ਹੈ। ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਤੁਰੰਤ ਪ੍ਰਭਾਵ ਨਾਲ ਸਾਰੇ ਪ੍ਰਭਾਵਿਤ ਇਲਾਕਿਆਂ ਵਿਚ ਗਿਰਦਾਵਰੀ ਕਰਵਾਈ ਜਾਵੇ ਅਤੇ ਨੁਕਸਾਨ ਦੇ ਅਨੁਸਾਰ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸਦੇ ਨਾਲ ਹੀ ਕਿਸਾਨਾਂ ਦੇ ਕਰਜ਼ਿਆਂ ਨੂੰ ਮੁਆਫ਼ ਕਰਨ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕੁੱਝ ਰਾਹਤ ਮਿਲ ਸਕੇ।ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਝੋਨੇ ਦੀ ਫਸਲ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਹੁਣ ਕਣਕ ਦੀ ਤਬਾਹੀ ਨੇ ਕਿਸਾਨਾਂ ਨੂੰ ਦੋਹਰੀ ਮਾਰ ਦਿੱਤੀ ਹੈ। ਜੇ ਸਰਕਾਰ ਨੇ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਤਾਂ ਕਿਸਾਨਾਂ ਦੀ ਹਾਲਤ ਹੋਰ ਵੀ ਗੰਭੀਰ ਹੋ ਸਕਦੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ 10 ਅਪ੍ਰੈਲ ਨੂੰ ਮੋਗਾ ਦੇ ਪਿੰਡ ਦੁੱਨੇਕੇ ਵਿਖੇ ਵਿੰਡਸਰ ਪੈਲੇਸ ਵਿਚ ਹੋਣ ਵਾਲੀ ਕਿਸਾਨ ਮਹਾਂਰੈਲੀ ਵਿਚ ਇਹ ਸਾਰੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ ਜਾਣਗੇ ਅਤੇ ਸਰਕਾਰ ਨੂੰ ਜਵਾਬ ਦੇਣ ਲਈ ਮਜ਼ਬੂਰ ਕੀਤਾ ਜਾਵੇਗਾ। ਜੇ ਫਿਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿਖ਼ਾ ਕੀਤਾ ਜਾਵੇਗਾ। ਇਸ ਮੌਕੇ ਕਮਲਜੀਤ ਸਿੰਘ ਫਤਿਹਗੜ੍ਹ, ਗੁਰਮੇਲ ਸਿੰਘ ਫਤਿਹਗੜ੍ਹ, ਆਤਮਾ ਸਿੰਘ ਫਤਿਹਗੜ੍ਹ, ਜੀਤ ਸਿੰਘ ਫਤਿਹਗੜ੍ਹ, ਬਲਵੰਤ ਸਿੰਘ ਫਤਿਹਗੜ੍ਹ, ਜੱਗਾ ਮਾਨ ਫਤਿਹਗੜ੍ਹ ਸਮੇਤ ਕਈ ਹੋਰ ਕਿਸਾਨ ਅਤੇ ਯੂਨੀਅਨ ਦੇ ਆਗੂ ਹਾਜ਼ਰ ਸਨ।