ਦਸਮੇਸ਼ ਸਕੂਲ ਬਿਲਾਸਪੁਰ ’ਚ ਕੌਮੀ ਵਿਗਿਆਨ ਦਿਵਸ ਮਨਾਇਆ
ਵਿਦਿਆਰਥੀਆਂ ਨੂੰ ਵਿਗਿਆਨ ਦੇ ਮਹੱਤਵ
Publish Date: Mon, 02 Mar 2026 03:53 PM (IST)
Updated Date: Tue, 03 Mar 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਵਿਦਿਆਰਥੀਆਂ ਨੂੰ ਵਿਗਿਆਨ ਦੇ ਮਹੱਤਵ ਤੋਂ ਜਾਣੂੰ ਕਰਵਾਉਣ ਲਈ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਵਿਗਿਆਨ ਦਿਵਸ ਉਤਸ਼ਾਹ ਪੂਰਬਕ ਮਨਾਇਆ ਗਿਆ। ਇਸ ਸਮਾਗਮ ਦਾ ਆਗਾਜ਼ ਕਰਦਿਆਂ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ 21ਵੀਂ ਸਦੀ ਵਿਗਿਆਨ ਅਤੇ ਤਕਨਾਲੌਜੀ ਦਾ ਯੁੱਗ ਹੈ। ਵਿਗਿਆਨ ਆਏ ਦਿਨ ਨਵੀਆਂ ਪੁਲਾਘਾਂ ਪੁੱਟਦਾ ਹੋਇਆ ਦੁਨੀਆ ਦੀ ਨੁਹਾਰ ਬਦਲ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ। ਸਕੂਲ ਪ੍ਰਬੰਧਕ ਅਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਵਿਗਿਆਨ ਦੀ ਪੜ੍ਹਾਈ ਨਾਲ ਵਿਕਾਸ ਅਤੇ ਰੁਜ਼ਗਾਰ ਦੇ ਅਥਾਹ ਮੌਕੇ ਹਾਸਲ ਹੁੰਦੇ ਹਨ। ਇਸੇ ਨੁਕਤੇ ਨੂੰ ਮੁੱਖ ਰੱਖਦਿਆਂ ਅਸੀਂ ਸਾਇੰਸ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰ ਰਹੇ ਹਾਂ। ਵਾਈਸ ਪ੍ਰਿੰਸੀਪਲ ਮੀਨਾ ਜੈਨ ਨੇ ਕਿਹਾ ਕਿ 1928 ਵਿਚ ਇਸ ਦਿਨ ਪ੍ਰਸਿੱਧ ਭਾਰਤੀ ਵਿਗਿਆਨੀ ਸੀਵੀ ਰਮਨ ਨੇ ਰਮਨ ਪ੍ਰਭਾਵ ਦੀ ਖੋਜ ਕੀਤੀ ਸੀ, ਜਿਸ ਨੇ ਭੌਤਿਕ ਵਿਗਿਆਨ ਵਿਚ ਨਵੀਂ ਕ੍ਰਾਂਤੀ ਲਿਆਂਦੀ। ਇਸ ਵਿਗਿਆਨੀ ਨੂੰ ਇਸ ਖੋਜ ਬਦਲੇ 1930 ਵਿਚ ਨੋਬਲ ਪੁਰਸਕਾਰ ਮਿਲਿਆ। ਇਸ ਚਰਚਿਤ ਵਿਗਿਆਨੀ ਦੇ ਜਨਮ ਦਿਨ 28 ਫਰਵਰੀ ਨੂੰ ਹਰ ਵਰ੍ਹੇ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਇੰਸ ਅਧਿਆਪਕਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਵਿਗਿਆਨ ਦੀ ਤਰੱਕੀ ਸਦਕਾ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸਾਇੰਸ ਦੀ ਉਚੇਰੀ ਪੜ੍ਹਾਈ ਰਾਹੀਂ ਆਪਣੀ, ਪਰਿਵਾਰ ਅਤੇ ਰਾਸ਼ਟਰ ਦੀ ਨੁਹਾਰ ਬਦਲਣ ਦਾ ਸੱਦਾ ਦਿੱਤਾ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਸਮਾਗਮ ਨੂੰ ਸਮੇਟਦਿਆਂ ਕਿਹਾ ਕਿ ਸਾਇੰਸ ਨੇ ਸਾਡਾ ਜੀਵਨ ਸੁਖਾਲਾ ਬਣਾ ਦਿੱਤਾ ਹੈ। ਆਵਾਜਾਈ, ਸਿਹਤ, ਸੰਚਾਰ ਅਤੇ ਹੋਰ ਖੇਤਰਾਂ ਦੀ ਤਰੱਕੀ ਸਦਕਾ ਸਾਰੀ ਦੁਨੀਆ ਗਲੋਬਲ ਪਿੰਡ ਵਿਚ ਤਬਦੀਲ ਹੋ ਗਈ ਹੈ।