ਬੀਬੀਐੱਸ ਸਕੂਲ ਮੋਗਾ ’ਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ
ਮੋਗਾ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ
Publish Date: Fri, 24 Apr 2026 03:39 PM (IST)
Updated Date: Sat, 25 Apr 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਮੋਗਾ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਦੀ ਅਗਵਾਈ ਹੇਠ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਸਵੇਰ ਦੀ ਅਸੈਂਬਲੀ ਦੌਰਾਨ ਵਿਦਿਆਰਥੀਆਂ ਨੇ ਇਸ ਦਿਨ ਨਾਲ ਸਬੰਧਤ ਚਾਰਟ ਪੇਸ਼ ਕੀਤੇ ਅਤੇ ਜਾਣਕਾਰੀ ਭਰਪੂਰ ਲੇਖ ਸਾਂਝੇ ਕੀਤੇ। ਵਿਦਿਆਰਥੀਆਂ ਨੂੰ ਪ੍ਰਬੰੰਧਕਾਂ ਨੇ ਦੱਸਿਆ ਗਿਆ ਕਿ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਹਰ ਸਾਲ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਹ ਦਿਵਸ 73ਵੇਂ ਸੰਵਿਧਾਨਕ ਸੋਧ ਐਕਟ, 1992 ਨੂੰ ਯਾਦ ਕਰਾਉਂਦਾ ਹੈ ਜੋ 24 ਅਪ੍ਰੈਲ 1993 ਤੋਂ ਲਾਗੂ ਹੋਇਆ ਸੀ। ਇਸ ਸੋਧ ਨੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਸੰਵਿਧਾਨਕ ਮਾਨਤਾ ਦਿੱਤੀ ਜਿਸ ਨਾਲ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਪੰਚਾਇਤਾਂ ਦੀ ਸਥਾਪਨਾ ਹੋਈ। ਇਤਿਹਾਸਕ ਤੌਰ ਤੇ ਭਾਰਤ ਵਿਚ ਪੰਚਾਇਤੀ ਰਾਜ ਪ੍ਰਾਚੀਨ ਕਾਲ ਤੋਂ ਹੀ ਮੌਜੂਦ ਰਿਹਾ ਹੈ। 24 ਅਪ੍ਰੈਲ 1993 ਨੂੰ ਲਾਗੂ ਹੋਏ ਕਾਨੂੰਨ ਨੇ ਇਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ। ਵਰਤਮਾਨ ਵਿਚ ਸਾਡੇ ਦੇਸ਼ ਵਿਚ ਲਗਪਗ 2.68 ਲੱਖ (2,68,000) ਤੋਂ ਵੱਧ ਪੰਚਾਇਤਾਂ ਹਨ, ਜਿਨ੍ਹਾਂ ਵਿਚ ਲਗਭਗ 6,700 ਬਲਾਕ ਪੰਚਾਇਤਾਂ ਅਤੇ 600 ਤੋਂ ਵੱਧ ਜ਼ਿਲ੍ਹਾ ਪੰਚਾਇਤਾਂ ਸ਼ਾਮਲ ਹਨ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਲੋਕਤੰਤਰ ਪ੍ਰਣਾਲੀ ਵਿਚ ਪੰਚਾਇਤ ਸਭ ਤੋਂ ਛੋਟੀ ਪਰ ਅਤਿ ਮਹੱਤਵਪੂਰਨ ਇਕਾਈ ਹੈ। ਇਕ ਪਿੰਡ ਪੱਧਰ ਤੇ ਪੰਚਾਇਤ ਪੂਰੀ ਸਰਕਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰਦੀਆਂ ਹਨ ਅਤੇ ਕਿਵੇਂ ਪਿੰਡ ਦੇ ਲੋਕ ਵੋਟਾਂ ਰਾਹੀਂ ਪੰਚਾਂ ਦੀ ਚੋਣ ਕਰਦੇ ਹਨ। ਇਹ ਪੰਚ ਫਿਰ ਸਰਪੰਚ ਦੀ ਚੋਣ ਕਰਦੇ ਹਨ, ਜੋ ਪੂਰੇ ਪਿੰਡ ਦੇ ਵਿਕਾਸ ਦੀ ਅਗਵਾਈ ਕਰਦਾ ਹੈ। ਪ੍ਰਿੰਸੀਪਲ ਨੇ ਅੱਗੇ ਦੱਸਿਆ ਕਿ ਪੰਚਾਇਤ ਦੀਆਂ ਮੁੱਖ ਜ਼ਿੰਮੇਵਾਰੀਆਂ ਵਿਚ ਪਿੰਡ ਦੇ ਵਿਕਾਸ ਕਾਰਜ ਸ਼ਾਮਲ ਹੁੰਦੇ ਹਨ, ਜਿਵੇਂ ਕਿ ਪੀਣ ਵਾਲੇ ਪਾਣੀ ਦਾ ਉਚਿਤ ਪ੍ਰਬੰਧ, ਗੰਦੇ ਪਾਣੀ ਦੀ ਨਿਕਾਸੀ, ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਿਨ ਵਧੀਆ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਨੂੰ ਹੋਰ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਸਮੂਹ ਸਟਾਫ ਵੀ ਹਾਜ਼ਰ ਰਿਹਾ।