ਬਸੰਤ ਪੰਚਮੀ ਮੌਕੇ ਨਰੇਸ਼ ਬੋਹਤ ਨੇ ਦਿੱਤੀਆਂ ਵਧਾਈਆਂ
ਭਾਰਤੀ ਵਾਲਮੀਕੀ ਧਰਮ
Publish Date: Fri, 23 Jan 2026 04:31 PM (IST)
Updated Date: Sat, 24 Jan 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾਧਸ ਸੰਗਠਨ ਦੇ ਪ੍ਰਧਾਨ ਨਰੇਸ਼ ਬੋਹਤ ਅਤੇ ਉਨ੍ਹਾਂ ਦੀ ਧਰਮਪਤਨੀ ਹੇਮਾ ਬੋਹਤ ਨੇ ਸਮੂਹ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਬਸੰਤ ਪੰਚਮੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਇਸ ਪਾਵਨ ਮੌਕੇ ਉਨ੍ਹਾਂ ਨੇ ਪਤੰਗ ਉਡਾ ਕੇ ਬਸੰਤ ਪੰਚਮੀ ਦਾ ਤਿਉਹਾਰ ਖੁਸ਼ੀ, ਉਤਸ਼ਾਹ ਅਤੇ ਪਰੰਪਰਾਗਤ ਢੰਗ ਨਾਲ ਮਨਾਇਆ। ਪ੍ਰਧਾਨ ਨਰੇਸ਼ ਬੋਹਤ ਨੇ ਕਿਹਾ ਕਿ ਬਸੰਤ ਪੰਚਮੀ ਸਿਰਫ਼ ਤਿਉਹਾਰ ਹੀ ਨਹੀਂ, ਸਗੋਂ ਕੁਦਰਤ ਨਾਲ ਜੁੜਨ ਅਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਹੈ। ਇਸ ਦਿਨ ਲੋਕ ਪਰਿਵਾਰ ਸਮੇਤ ਪਤੰਗਬਾਜ਼ੀ ਕਰਕੇ ਖੁਸ਼ੀ ਮਨਾਉਂਦੇ ਹਨ ਪਰ ਇਸ ਦੇ ਨਾਲ ਸੁਰੱਖਿਆ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਖ਼ਾਸ ਤੌਰ ’ਤੇ ਮਾਪਿਆਂ ਅਤੇ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਤੰਗ ਉਡਾਉਂਦੇ ਸਮੇਂ ਆਪਣੀ ਅਤੇ ਹੋਰਾਂ ਦੀ ਸੁਰੱਖਿਆ ਦਾ ਪੂਰਾ ਖ਼ਿਆਲ ਰੱਖਣ। ਚਾਈਨਾ ਡੋਰ ਦੀ ਵਰਤੋਂ ਕਦੇ ਵੀ ਨਾ ਕੀਤੀ ਜਾਵੇ ਕਿਉਂਕਿ ਇਹ ਡੋਰ ਬਹੁਤ ਤੇਜ਼ ਅਤੇ ਖ਼ਤਰਨਾਕ ਹੁੰਦੀ ਹੈ ਜਿਸ ਨਾਲ ਮਨੁੱਖੀ ਜਾਨ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਪੰਛੀਆਂ ਦੀ ਮੌਤ ਵੀ ਹੋ ਜਾਂਦੀ ਹੈ। ਹੇਮਾ ਬੋਹਤ ਨੇ ਵੀ ਲੋਕਾਂ ਨੂੰ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਬਸੰਤ ਪੰਚਮੀ ਨੂੰ ਖੁਸ਼ੀ ਅਤੇ ਸੁਰੱਖਿਆ ਦੇ ਨਾਲ ਮਨਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਖ਼ਤਰਨਾਕ ਸਮੱਗਰੀ ਦੀ ਵਰਤੋਂ ਤੋਂ ਬਚੇ ਅਤੇ ਹੋਰਾਂ ਨੂੰ ਵੀ ਇਸ ਬਾਰੇ ਜਾਗਰੂਕ ਕਰੇ। ਅੰਤ ਵਿਚ ਪ੍ਰਧਾਨ ਨਰੇਸ਼ ਬੋਹਤ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਬਸੰਤ ਪੰਚਮੀ ਦੇ ਤਿਉਹਾਰ ਨੂੰ ਪਰੰਪਰਾਗਤ ਅਤੇ ਸੁਰੱਖਿਅਤ ਢੰਗ ਨਾਲ ਮਨਾਇਆ ਜਾਵੇ ਤਾਂ ਜੋ ਕੋਈ ਅਣਚਾਹੀ ਘਟਨਾ ਨਾ ਵਾਪਰੇ ਅਤੇ ਇਹ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਦਾ ਪ੍ਰਤੀਕ ਬਣਿਆ ਰਹੇ।