ਨਿਗਮ ਕਰਮਚਾਰੀਆਂ ਲਈ ਟ੍ਰੇਨਿੰਗ ਕਰਵਾਈ
ਨਗਰ ਨਿਗਮ ਮੋਗਾ ਵੱਲੋਂ ਸਫ਼ਾਈ ਕਰਮਚਾਰੀਆਂ
Publish Date: Fri, 03 Apr 2026 03:36 PM (IST)
Updated Date: Sat, 04 Apr 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਨਗਰ ਨਿਗਮ ਮੋਗਾ ਵੱਲੋਂ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਹੁਨਰ ਵਿਕਾਸ ਨੂੰ ਪ੍ਰਾਥਮਿਕਤਾ ਦਿੰਦਿਆਂ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ। ਇਸ ਤਹਿਤ ਦੋ ਦਿਨਾਂ ਦੀ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸਫ਼ਾਈ ਕਰਮਚਾਰੀਆਂ ਨੇ ਭਾਗ ਲਿਆ। ਇਹ ਟ੍ਰੇਨਿੰਗ ਰੈਕਿਟ ਦੇ ਅਧੀਨ, ਇਸ ਦੇ ਇੰਪਲੀਮੈਂਟੇਸ਼ਨ ਭਾਗੀਦਾਰ ਜਾਗਰਣ ਪਹਿਲ ਅਤੇ ਗ੍ਰੀਨ ਸਪਰਸ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ਹਾਰਪਿਕ ਵਰਲਡ ਟਾਇਲਟ ਕਾਲਜ ਐੱਚਡਬਲਿਊਟੀਸੀ ਪਟਿਆਲਾ ਦੀ ਦੇਖ-ਰੇਖ ਹੇਠ ਕਰਵਾਈ ਗਈ। ਇਸ ਟ੍ਰੇਨਿੰਗ ਦਾ ਮੁੱਖ ਮਕਸਦ ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਨਾਲ ਜੁੜੀਆਂ ਸੰਭਾਵਿਤ ਖ਼ਤਰਨਾਕ ਸਥਿਤੀਆਂ ਤੋਂ ਬਚਾਉਣ ਲਈ ਜ਼ਰੂਰੀ ਜਾਣਕਾਰੀ ਦੇਣਾ ਸੀ। ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਪੇਸ਼ਾਵਰ ਸੁਰੱਖਿਆ ਮਿਆਰਾਂ, ਨਿੱਜੀ ਸਿਹਤ ਸੰਭਾਲ, ਕੰਮਕਾਜ ਦੌਰਾਨ ਵਰਤੇ ਜਾਣ ਵਾਲੇ ਸੁਰੱਖਿਆ ਉਪਕਰਣਾਂ ਦੀ ਸਹੀ ਵਰਤੋਂ, ਕਚਰਾ ਪ੍ਰਬੰਧਨ ਦੇ ਅਧੁਨਿਕ ਤਰੀਕਿਆਂ ਅਤੇ ਸੁਚੱਜੇ ਵਿਹਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ, ਕਰਮਚਾਰੀਆਂ ਦੀਆਂ ਸਾਫ਼ਟ ਸਕਿਲਜ਼ ਨੂੰ ਨਿਖਾਰਨ ਲਈ ਵੀ ਖ਼ਾਸ ਸੈਸ਼ਨ ਕਰਵਾਏ ਗਏ, ਜਿਸ ਨਾਲ ਉਹ ਆਪਣੀ ਡਿਊਟੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾ ਸਕਣ। ਇਸ ਦੋ ਰੋਜ਼ਾ ਵਰਕਸ਼ਾਪ ਵਿਚ ਸਵੀਪਰ, ਘਰ-ਘਰ ਕਚਰਾ ਇਕੱਠਾ ਕਰਨ ਵਾਲੇ ਕਰਮਚਾਰੀ, ਸਿਵਰ ਅਤੇ ਨਾਲਿਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ, ਟਾਇਲਟ ਸਾਫ਼ ਕਰਨ ਵਾਲੇ ਕਰਮਚਾਰੀ ਅਤੇ ਦੇਖਭਾਲ ਕਰਤਾ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸਾਰੇ ਭਾਗੀਦਾਰਾਂ ਨੇ ਟ੍ਰੇਨਿੰਗ ਦੌਰਾਨ ਬੜੀ ਰੁਚੀ ਨਾਲ ਸਿੱਖਿਆ ਪ੍ਰਾਪਤ ਕੀਤੀ ਅਤੇ ਇਸਨੂੰ ਆਪਣੇ ਦਿਨਚਰਿਆ ਦੇ ਕੰਮ ਵਿਚ ਲਾਗੂ ਕਰਨ ਦੀ ਇੱਛਾ ਵੀ ਜਤਾਈ। ਟ੍ਰੇਨਿੰਗ ਦੇ ਅੰਤ ਵਿਚ ਸਾਰੇ ਸਫ਼ਾਈ ਕਰਮਚਾਰੀਆਂ ਨੂੰ “ਸਫ਼ਾਈ ਮਿੱਤਰ ਪਾਸਪੋਰਟ” ਜਾਰੀ ਕੀਤਾ ਗਿਆ ਅਤੇ ਟ੍ਰੇਨਿੰਗ ਸਫ਼ਲਤਾਪੂਰਵਕ ਪੂਰੀ ਕਰਨ ’ਤੇ ਸਰਟੀਫ਼ਿਕੇਟ ਵੀ ਵੰਡੇ ਗਏ। ਇਸਦੇ ਨਾਲ ਹੀ ਉਨ੍ਹਾਂ ਨੂੰ ਸੁਰੱਖਿਆ ਕਿੱਟਾਂ, ਜਿਵੇਂ ਕਿ ਦਸਤਾਨੇ, ਪਾਣੀ ਦੀ ਬੋਤਲ ਅਤੇ ਰਿਫਲੈਕਟਿਵ ਜੈਕਟ ਵੀ ਪ੍ਰਦਾਨ ਕੀਤੀਆਂ ਗਈਆਂ ਤਾਂ ਜੋ ਉਹ ਆਪਣੇ ਕੰਮ ਦੌਰਾਨ ਸੁਰੱਖਿਅਤ ਰਹਿ ਸਕਣ। ਇਸ ਮੌਕੇ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਕਲਿਆਣ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨਾਲ ਜੋੜਨ ਲਈ ਮਦਦ ਕੀਤੀ ਗਈ, ਜਿਸ ਨਾਲ ਸਫ਼ਾਈ ਕਰਮਚਾਰੀਆਂ ਦੀ ਲੰਬੇ ਸਮੇਂ ਲਈ ਸਮਾਜਿਕ ਅਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।