ਮੋਗਾ ਜਲਦ ਹੋਵੇਗਾ ਟੀਬੀ ਮੁਕਤ : ਡਾ. ਸੋਢੀ
ਟੀਬੀ ਮੁਕਤ ਭਾਰਤ ਮੁਹਿੰਮ
Publish Date: Sat, 11 Apr 2026 03:20 PM (IST)
Updated Date: Sun, 12 Apr 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਦੇ ਹੁਕਮਾਂ ਮੁਤਾਬਿਕ ਜ਼ਿਲ੍ਹੇ ਅੰਦਰ ਟੀਬੀ ਖ਼ਤਮ ਕਰਨ ਦੇ ਵਿਸ਼ੇਸ਼ ਸਫ਼ਲ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਡਾ. ਗੌਰਵਪ੍ਰੀਤ ਸਿੰਘ ਸੋਢੀ ਜ਼ਿਲ੍ਹਾ ਟੀਬੀ ਅਫ਼ਸਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ (ਕਾਰਜਕਾਰੀ) ਮੋਗਾ ਨੇ ਕਿਹਾ ਕਿ ਟੀਬੀ ਇਕ ਸੰਕਰਾਮਕ ਬਿਮਾਰੀ ਹੈ ਪਰ ਇਸ ਦਾ ਇਲਾਜ ਸੰਭਵ ਹੈ ਅਤੇ ਸਮੇਂ ਸਿਰ ਜਾਂਚ ਤੇ ਦਵਾਈ ਲੈ ਕੇ ਇਸ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਲਗਾਤਾਰ ਖੰਘ, ਬੁਖਾਰ, ਵਜ਼ਨ ਘਟਣਾ ਜਾਂ ਭੁੱਖ ਨਾ ਲੱਗਣ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਟੀਬੀ ਬਾਰੇ ਸਮੇਂ ਸਮੇਂ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਪੈਂਫ਼ਲੇਟ ਵੰਡੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੋ ਦਿਨ ਟੀਬੀ ਮੁਹਿੰਮ 2.0 ਦਾ ਆਗਾਜ਼ ਹੋ ਚੁੱਕਾ ਹੈ।