ਮੋਗਾ ਦੇ ਦੋ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਮੋਗਾ ਸ਼ਹਿਰ ਵਿਚ ਬੁੱਧਵਾਰ ਨੂੰ ਉਸ
Publish Date: Wed, 14 Jan 2026 06:36 PM (IST)
Updated Date: Thu, 15 Jan 2026 04:07 AM (IST)

ਸਕੂਲ ਖਾਲੀ ਕਰਵਾਏ, ਪੁਲਿਸ ਦੀ ਵਿਸ਼ੇਸ਼ ਟੀਮ ਨੇ ਕੀਤੀ ਜਾਂਚ ਵਕੀਲ ਮਹਿਰੋਂ, ਸੋਨੂੰ ਸਦਿਊੜਾ ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਵਿਚ ਬੁੱਧਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਦੋ ਨਾਮੀ ਨਿੱਜੀ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸਵੇਰੇ ਕਰੀਬ 8:36 ਵਜੇ ਮਿਲੀ ਇਸ ਧਮਕੀ ਵਿਚ ਡੀਐਨ ਮਾਡਲ ਸਕੂਲ ਮੋਗਾ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਈਸੇਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕਾਂ ਵਿੱਚ ਤੁਰੰਤ ਹਫੜਾ ਦਫੜੀ ਮੱਚ ਗਈ। ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਅੱਜ ਹੀ ਸਕੂਲ ਖੁੱਲ੍ਹੇ ਸਨ ਅਤੇ ਸਵੇਰੇ ਤੋਂ ਹੀ ਸੈਂਕੜਿਆਂ ਦੀ ਗਿਣਤੀ ਵਿਚ ਬੱਚੇ ਸਕੂਲਾ ਵਿਚ ਮੌਜੂਦ ਸਨ। ਧਮਕੀ ਦੀ ਜਾਣਕਾਰੀ ਮਿਲਦੇ ਹੀ ਸਕੂਲ ਪ੍ਰਬੰਧਕਾਂ ਵੱਲੋਂ ਬਿਨ੍ਹਾਂ ਕਿਸੇ ਦੇਰੀ ਦੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਦੋਵਾਂ ਸਕੂਲਾਂ ਨੂੰ ਤੁਰੰਤ ਖ਼ਾਲੀ ਕਰਵਾ ਕੇ ਬੱਚਿਆਂ ਅਤੇ ਸਟਾਫ਼ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ ਅਤੇ ਮਾਪਿਆਂ ਨੂੰ ਸੂਚਿਤ ਕਰਦੇ ਹੋਏ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਅਚਾਨਕ ਇਸ ਘਟਨਾ ਕਾਰਨ ਮਾਪਿਆਂ ਵਿਚ ਘਬਰਾਹਟ ਦਾ ਮਾਹੌਲ ਬਣਿਆ ਰਿਹਾ। ਇਸ ਮੌਕੇ ਧਮਕੀ ਦੀ ਗੰਭੀਰਤਾ ਨੂੰ ਵੇਖਦਿਆਂ ਮੋਗਾ ਪੁਲਿਸ ਵੱਲੋਂ ਤੁਰੰਤ ਬੰਬ ਸਕੁਆਡ, ਡੌਗ ਸਕੁਆਡ ਅਤੇ ਹੋਰ ਵਿਸ਼ੇਸ਼ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਪੁਲਿਸ ਟੀਮਾਂ ਵੱਲੋਂ ਸਕੂਲ ਪਰਿਸਰ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ, ਕਲਾਸਰੂਮਾਂ, ਦਫ਼ਤਰਾਂ, ਟਿਫ਼ਿਨਾਂ, ਸਕੂਲ ਬੱਸਾਂ ਅਤੇ ਸਕੂਲ ਵਿਚ ਖੜ੍ਹੇ ਸਾਰੇ ਵਾਹਨਾਂ ਦੀ ਗਹਿਰੀ ਤਲਾਸ਼ੀ ਲਈ ਗਈ। ਹਰ ਇਕ ਕੋਨੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਿਆ ਜਾ ਸਕੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੋਗਾ ਦੇ ਕੋਟ ਕੰਪਲੈਕਸ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਹੁਣ ਸਕੂਲ ਖੁੱਲ੍ਹਦੇ ਹੀ ਮੁੜ ਸਕੂਲਾਂ ਨੂੰ ਧਮਕੀ ਮਿਲਣ ਨਾਲ ਸੁਰੱਖਿਆ ਏਜੰਸੀਆਂ ਹੋਰ ਵੀ ਅਲਰਟ ਹੋ ਗਈਆਂ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ ਅਤੇ ਹਰ ਸੰਭਾਵਿਤ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਜਾਂਚ ਜਾਰੀ ਹੈ। ---- ਬੱਚਿਆਂ ਦੀ ਸੁਰੱਖਿਆ ਲਈ ਪੁਲਿਸ ਵਚਨਬੱਧ : ਡੀਐੱਸਪੀ ਮੌਕੇ ’ਤੇ ਪਹੁੰਚੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਧਮਕੀ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿਚ ਆ ਗਈ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਵਸਤੂ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਪੁਲਿਸ ਵੱਲੋਂ ਪੂਰੀ ਸਾਵਧਾਨੀ ਅਤੇ ਗੰਭੀਰਤਾ ਨਾਲ ਜਾਂਚ ਜਾਰੀ ਹੈ। ਧਮਕੀ ਭੇਜਣ ਵਾਲਿਆਂ ਦੀ ਪਛਾਣ ਕਰਨ ਲਈ ਈ-ਮੇਲ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਈਬਰ ਮਾਹਿਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਨੇ ਲੋਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ ’ਤੇ ਧਿਆਨ ਨਾ ਦਿੱਤਾ ਜਾਵੇ। ਪ੍ਰਸ਼ਾਸਨ ਸਥਿਤੀ ’ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਿਹਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ।