ਘਟਨਾ ਤੋਂ ਤੁਰੰਤ ਬਾਅਦ ਥਾਣਾ ਧਰਮਕੋਟ ਵਿੱਚ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਸਬੰਧੀ ਵੱਖ-ਵੱਖ ਖਾਸ ਟੀਮਾਂ ਬਣਾਕੇ ਤਕਨੀਕੀ ਸਾਧਨਾਂ ਅਤੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਗਈ।
ਵਕੀਲ ਮਹਿਰੋਂ, ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿੱਚ ਵਾਪਰੇ ਕਤਲ ਕਾਂਡ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹੁਣ ਤੱਕ ਕੁੱਲ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸਦੇ ਨਾਲ ਹੀ ਪੁਲਿਸ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਆਈ-10 ਕਾਰ ਵੀ ਬਰਾਮਦ ਕਰ ਲਈ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਧਰਮਕੋਟ ਦੇ ਇੰਸਪੈਕਟਰ ਲਖਮਣ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਐੱਸਐੱਸਪੀ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਐੱਸਪੀ (ਡੀ) ਅਤੇ ਡੀਐੱਸਪੀ ਧਰਮਕੋਟ ਦੀ ਦੇਖ ਰੇਖ ਵਿੱਚ ਮੋਗਾ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ। ਜੋ ਕਿ ਸੀਆਈਏ ਸਟਾਫ ਮੋਗਾ ਦੀ ਸਾਂਝੀ ਟੀਮ ਨੇ ਯੋਜਨਾਬੱਧ ਢੰਗ ਨਾਲ ਇਸ ਕੇਸ ‘ਚ ਤਫ਼ਤੀਸ਼ ਅੱਗੇ ਵਧਾਈ ਅਤੇ ਦੋਸ਼ੀਆਂ ਤੱਕ ਪਹੁੰਚ ਕੀਤੀ। ਉਨ੍ਹਾਂ ਦੱਸਿਆ ਕਿ 3 ਜਨਵਰੀ 2026 ਨੂੰ ਇੱਕ ਘਟਨਾ ਵਾਪਰੀ ਸੀ ਜਿਸ ਵਿੱਚ ਮ੍ਰਿਤਕ ਅਮਰਜੀਤ ਸਿੰਘ, ਜੋ ਮੋਗਾ ਦੀ ਨੈਸਲੇ ਫੈਕਟਰੀ ਵਿੱਚ ਨੌਕਰੀ ਕਰਦਾ ਸੀ, ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੀ ਕਾਰ ‘ਚ ਕੰਮ ‘ਤੇ ਜਾ ਰਿਹਾ ਸੀ। ਜਦੋਂ ਉਹ ਸਰਕਾਰੀ ਹਾਈ ਸਕੂਲ ਭਿੰਡਰ ਕਲਾਂ ਨੇੜੇ ਪਹੁੰਚਿਆ ਤਾਂ ਇੱਕ ਕਾਲੀ ਆਈ-10 ਕਾਰ ਨੇ ਉਸਦੀ ਗੱਡੀ ਨੂੰ ਜਾਣਬੁੱਝ ਕੇ ਟੱਕਰ ਮਾਰੀ।
ਇਸ ਤੋਂ ਬਾਅਦ ਆਈ-10 ਕਾਰ ਵਿੱਚੋਂ 3 ਤੋਂ 4 ਨੌਜਵਾਨ ਹਥਿਆਰਾਂ ਨਾਲ ਬਾਹਰ ਨਿਕਲੇ ਅਤੇ ਅਮਰਜੀਤ ਸਿੰਘ ‘ਤੇ ਤਾਬੜਤੋੜ ਗੋਲੀਆਂ ਚਲਾਈਆਂ। ਗੰਭੀਰ ਗੋਲ਼ੀਆਂ ਲੱਗਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਿਲ ਦਹਿਲਾਉਣ ਵਾਲੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।
ਘਟਨਾ ਤੋਂ ਤੁਰੰਤ ਬਾਅਦ ਥਾਣਾ ਧਰਮਕੋਟ ਵਿੱਚ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਸਬੰਧੀ ਵੱਖ-ਵੱਖ ਖਾਸ ਟੀਮਾਂ ਬਣਾਕੇ ਤਕਨੀਕੀ ਸਾਧਨਾਂ ਅਤੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਗਈ।
ਜਾਂਚ ਦੌਰਾਨ ਸਭ ਤੋਂ ਪਹਿਲਾਂ 4 ਜਨਵਰੀ ਨੂੰ ਬਲਕਾਰ ਸਿੰਘ ਨੂੰ ਕਾਬੂ ਕੀਤਾ ਗਿਆ। ਇਸ ਤੋਂ ਬਾਅਦ 6 ਜਨਵਰੀ ਨੂੰ ਕਰਮਜੀਤ ਸਿੰਘ ਅਤੇ 11 ਜਨਵਰੀ ਨੂੰ ਉੰਕਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਂਕਾਰ ਸਿੰਘ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤੀ ਗਈ ਆਈ-10 ਕਾਰ ਵੀ ਬਰਾਮਦ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੱਡੀ ਕਾਮਯਾਬੀ 21 ਮਾਰਚ 2026 ਨੂੰ ਮਿਲੀ, ਜਦੋਂ ਪੁਲਿਸ ਨੇ ਗੋਆ ਵਿੱਚ ਛਾਪੇਮਾਰੀ ਕਰ ਕੇ ਪ੍ਰਗਟ ਸਿੰਘ ਉਰਫ ਪੈਰੀ, ਗੁਰਮੀਤ ਕੌਰ, ਜੁਗਰਾਜ ਸਿੰਘ, ਜਸਪ੍ਰੀਤ ਸਿੰਘ ਉਰਫ ਜੱਸਾ ਅਤੇ ਗੁਰਨੀਲ ਕੌਰ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਇਸ ਕਤਲ ਕਾਂਡ ਦੇ ਪਿੱਛੇ ਦੇ ਅਸਲ ਕਾਰਨਾਂ ਨੂੰ ਜਲਦ ਸਾਹਮਣੇ ਲਿਆਂਦਾ ਜਾਵੇਗਾ। ਇਸ ਮੌਕੇ ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰਕੇ ਇਸ ਸਨਸਨੀਖੇਜ਼ ਕਤਲ ਮਾਮਲੇ ਨੂੰ ਪੂਰੀ ਤਰ੍ਹਾਂ ਸੁਲਝਾ ਲਿਆ ਜਾਵੇਗਾ। ਪੁਲਿਸ ਦੀ ਇਸ ਕਾਰਵਾਈ ਨੂੰ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਵੱਲ ਇੱਕ ਵੱਡੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ।