ਮੋਗਾ ਪੁਲਿਸ ਨੂੰ ਡਾਇਲ 112 ਤਹਿਤ 13 ਨਵੀਆਂ ਗੱਡੀਆਂ ਮਿਲੀਆਂ
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ
Publish Date: Wed, 01 Apr 2026 04:04 PM (IST)
Updated Date: Thu, 02 Apr 2026 04:01 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ ਮੋਗਾ: ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜ਼ੀਹ ਦਿੰਦਿਆਂ ਡਾਇਲ 112 ਪ੍ਰੋਜੈਕਟ ਤਹਿਤ ਰਾਜ ਭਰ ਵਿਚ 508 ਨਵੀਆਂ ਹਾਈਟੈਕ ਬੋਲੈਰੋ ਐਮਰਜੈਂਸੀ ਰਿਸਪਾਂਸ ਵਾਹਨ (ਈਆਰਵੀਜ਼) ਲਾਂਚ ਕੀਤੀਆਂ ਗਈਆਂ ਹਨ। ਇਨ੍ਹਾਂ ਗੱਡੀਆਂ ਨੂੰ ਲੱਡਾ ਕੋਠੀ ਸੰਗਰੂਰ ਵਿਖੇ ਹਰੀ ਝੰਡੀ ਦਿਖਾ ਕੇ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਇਸ ਉਪਰਾਲੇ ਨਾਲ ਹੁਣ ਪੁਲਿਸ ਦਾ ਰਿਸਪਾਂਸ ਟਾਈਮ 30 ,45 ਮਿੰਟ ਤੋਂ ਘੱਟ ਕੇ ਕੇਵਲ 13, 14 ਮਿੰਟ ਰਹਿ ਗਿਆ ਹੈ, ਜਿਸ ਨਾਲ ਐਮਰਜੈਂਸੀ ਸਥਿਤੀਆਂ ਵਿਚ ਲੋਕਾਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇਗਾ। ਇਸ ਤਹਿਤ ਮੋਗਾ ਪੁਲਿਸ ਨੂੰ ਕੁੱਲ 13 ਨਵੀਆਂ ਪੀਸੀਆਰ, ਈਆਰਵੀ ਗੱਡੀਆਂ ਪ੍ਰਾਪਤ ਹੋਈਆਂ ਹਨ ਜੋ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਤਾਇਨਾਤ ਕੀਤੀਆਂ ਜਾਣਗੀਆਂ। ਇਹ ਗੱਡੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਅਤੇ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਇਸ ਬਾਰੇ ਐੱਸਐੱਸਪੀ ਮੋਗਾ ਅਜੈ ਗਾਂਧੀ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬ੍ਰੀਫ਼ ਕਰਦਿਆਂ ਦੱਸਿਆ ਗਿਆ ਕਿ ਇਹ ਨਵੀਆਂ ਗੱਡੀਆਂ ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਗੀਆਂ ਅਤੇ ਐਮਰਜੈਂਸੀ ਮੌਕਿਆਂ ’ਤੇ ਤੁਰੰਤ ਰਿਸਪਾਂਸ ਦੇਣ ਵਿਚ ਸਹਾਇਕ ਸਾਬਤ ਹੋਣਗੀਆਂ। ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਚੌਕਸੀ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਅਤੇ ਜ਼ਿਲ੍ਹੇ ਵਿਚ ਅਮਨਸ਼ਾਂਤੀ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ 112 ਨੰਬਰ ’ਤੇ ਆਉਣ ਵਾਲੀਆਂ ਹਰ ਇਕ ਸ਼ਿਕਾਇਤ ਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਪਟਾਰਾ ਕੀਤਾ ਜਾਵੇ ਤਾਂ ਜੇ ਲੋਕਾਂ ਦਾ ਪੁਲਿਸ ਤੇ ਭਰੋਸਾ ਹੋਰ ਮਜ਼ਬੂਤ ਹੋ ਸਕੇ। ਨਵੀਆਂ ਈਆਰਵੀ ਗੱਡੀਆਂ ਨਾਲ ਪੁਲਿਸ ਦੀ ਪਹੁੰਚ ਹੁਣ ਲੋਕਾਂ ਤੱਕ ਹੋਰ ਤੇਜ਼ ਅਤੇ ਸੁਗਮ ਹੋਵੇਗੀ, ਜਿਸ ਨਾਲ ਕਿਸੇ ਵੀ ਸੰਕਟ ਦੀ ਘੜੀ ਵਿਚ ਤੁਰੰਤ ਮਦਦ ਮੁਹੱਈਆ ਕਰਵਾਉਣਾ ਆਸਾਨ ਹੋਵੇਗਾ। ਪੰਜਾਬ ਸਰਕਾਰ ਦੇ ਇਸ ਮਹੱਤਵਪੂਰਣ ਕਦਮ ਨਾਲ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਅਪਰਾਧ ’ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਤੁਰੰਤ 112 ਨੰਬਰ ’ਤੇ ਸੰਪਰਕ ਕਰਨ ਤਾਂ ਜੋ ਪੁਲਿਸ ਵੱਲੋਂ ਸਮੇਂ ਸਿਰ ਮਦਦ ਮੁਹੱਈਆ ਕਰਵਾਈ ਜਾ ਸਕੇ।