ਪੁਲਿਸ ਨੇ ਸਬ ਜੇਲ੍ਹ ਮੋਗਾ ’ਚ ਚਲਾਈ ਤਲਾਸ਼ੀ ਮੁਹਿੰਮ
ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ
Publish Date: Wed, 14 Jan 2026 05:24 PM (IST)
Updated Date: Thu, 15 Jan 2026 04:04 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ : ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸਐਸਪੀ ਮੋਗਾ ਦੀਆਂ ਹਦਾਇਤਾਂ ਹੇਠ ਅੱਜ ਮੋਗਾ ਪੁਲਿਸ ਵੱਲੋਂ ਸਬ ਜੇਲ੍ਹ ਮੋਗਾ ਵਿਚ ਵਿਸ਼ੇਸ਼, ਵਿਸਥਾਰਪੂਰਕ ਅਤੇ ਸਖ਼ਤ ਚੈਕਿੰਗ ਮੁਹਿੰਮ ਅਮਲ ਵਿਚ ਲਿਆਂਦੀ ਗਈ। ਇਸ ਕਾਰਵਾਈ ਦਾ ਮੁੱਖ ਉਦੇਸ਼ ਜੇਲ੍ਹ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਜੇਲ੍ਹ ਅੰਦਰ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਸਰਗਰਮੀ ਨੂੰ ਪੂਰੀ ਤਰ੍ਹਾਂ ਰੋਕਣਾ ਸੀ। ਚੈਕਿੰਗ ਦੌਰਾਨ ਜੇਲ੍ਹ ਦੇ ਅੰਦਰ ਸਥਿਤ ਸਾਰੀਆਂ ਬੈਰਕਾਂ, ਕੈਦੀਆਂ ਦੇ ਰਹਿਣ ਵਾਲੇ ਕਮਰੇ, ਸਟੋਰ ਰੂਮ, ਰਸੋਈ, ਮੁਲਾਕਾਤ ਖੇਤਰ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜੇਲ੍ਹ ਪ੍ਰਸ਼ਾਸਨ ਨਾਲ ਤਾਲਮੇਲ ਕਰਦੇ ਹੋਏ ਹਰ ਇਕ ਕੋਨੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਤਾਂ ਜੋ ਕੋਈ ਵੀ ਅਣਚਾਹੀ ਜਾਂ ਗੈਰਕਾਨੂੰਨੀ ਵਸਤੂ ਜੇਲ੍ਹ ਦੇ ਅੰਦਰ ਮੌਜੂਦ ਨਾ ਰਹੇ। ਇਸ ਮੌਕੇ ਐਸਪੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਵਿਚ ਕਰੀਬ 50 ਤੋਂ 100 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਰਹੇ ਜਿਨ੍ਹਾਂ ਵੱਲੋਂ ਪੂਰੀ ਤਰ੍ਹਾਂ ਅਨੁਸ਼ਾਸਿਤ ਅਤੇ ਪੇਸ਼ਾਵਰ ਢੰਗ ਨਾਲ ਡਿਊਟੀ ਨਿਭਾਈ ਗਈ। ਚੈਕਿੰਗ ਦੌਰਾਨ ਜੇਲ੍ਹ ਦੀ ਸੁਰੱਖਿਆ ਵਿਵਸਥਾ, ਕੈਦੀਆਂ ਦੀ ਨਿਗਰਾਨੀ ਪ੍ਰਣਾਲੀ ਅਤੇ ਅੰਦਰੂਨੀ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਕਾਨੂੰਨ-ਵਿਵਸਥਾ ਕਾਇਮ ਰੱਖਣਾ ਅਤੇ ਜੇਲ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪੁਲਿਸ ਦੀ ਪਹਿਲੀ ਤਰਜੀਹ ਹੈ। ਇਸ ਲਈ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਅਚਾਨਕ ਅਤੇ ਵਿਸ਼ੇਸ਼ ਚੈਕਿੰਗ ਮੁਹਿੰਮਾਂ ਨਿਰੰਤਰ ਤੌਰ ’ਤੇ ਜਾਰੀ ਰਹਿਣਗੀਆਂ ਤਾਂ ਜੋ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਸਮੇਂ ਸਿਰ ਨਾਕਾਮ ਬਣਾਇਆ ਜਾ ਸਕੇ ਅਤੇ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਹੋਵੇ।