ਸਰਕਾਰੀ ਸਮਾਰਟ ਸਕੂਲ ਭੀਮ ਨਗਰ ’ਚ ਮੈਗਾ ਪੀਟੀਐੱਮ ਕਰਵਾਈ
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ
Publish Date: Sun, 29 Mar 2026 06:19 PM (IST)
Updated Date: Mon, 30 Mar 2026 04:06 AM (IST)

ਪ੍ਰਬੰਧਕਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ’ਤੇ ਦਿੱਤਾ ਜ਼ੋਰ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ, ਮੋਗਾ ਵਿਖੇ ਪ੍ਰਿੰਸੀਪਲ ਡਾ. ਮਨਜੀਤ ਕੌਰ ਦੀ ਅਗਵਾਈ ਅਤੇ ਸਕੂਲ ਸਟਾਫ ਦੀ ਮਿਹਨਤ ਨਾਲ ਮੈਗਾ ਪੇਰੈਂਟਸ-ਟੀਚਰ ਮੀਟਿੰਗ (ਪੀਟੀਐੱਮ) ਆਯੋਜਿਤ ਕੀਤੀ ਗਈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ (ਐੱਸਐੱਮਸੀ) ਦੇ ਮੈਂਬਰਾਂ ਦੇ ਨਾਲ-ਨਾਲ ਅੰਜੂ ਬਾਲਾ ਐੱਮਸੀ ਵੱਡੀ ਗਿਣਤੀ ਵਿਚ ਮਾਤਾ-ਪਿਤਾ ਅਤੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ ਤਾਂ ਜੋ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ। ਮੀਟਿੰਗ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨਾਲ ਇਕ-ਇਕ ਕਰਕੇ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ, ਹਾਜ਼ਰੀ, ਅਨੁਸ਼ਾਸਨ, ਸਿਹਤ ਅਤੇ ਮਨੋਵਿਗਿਆਨਕ ਵਿਕਾਸ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਮਾਪਿਆਂ ਨੇ ਵੀ ਆਪਣੇ ਸੁਝਾਅ ਦਿੱਤੇ ਅਤੇ ਸਕੂਲ ਪ੍ਰਬੰਧਨ ਵੱਲੋਂ ਉਨ੍ਹਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ। ਇਸ ਤਰ੍ਹਾਂ ਇਹ ਮੀਟਿੰਗ ਸਿਰਫ਼ ਨਤੀਜਿਆਂ ਤੱਕ ਸੀਮਿਤ ਨਾ ਰਹੀ, ਸਗੋਂ ਇਕ ਖੁੱਲ੍ਹਾ ਸੰਵਾਦ ਬਣ ਕੇ ਉੱਭਰੀ। ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੰਚ ’ਤੇ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ। 6ਵੀਂ ਜਮਾਤ ਦੀ ਵਿਦਿਆਰਥਣ ਰੁਪਾਲੀ ਨੇ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ। 7ਵੀਂ ਜਮਾਤ ਦੇ ਵਿਦਿਆਰਥੀ ਨੀਤਿਕ ਕੁਮਾਰ ਨੇ ਆਪਣੇ ਵਰਗ ਵਿਚ ਸਿਰਮੌਰ ਰਹਿੰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ, ਜਦਕਿ 9ਵੀਂ ਜਮਾਤ ਦੀ ਵਿਦਿਆਰਥਣ ਪ੍ਰੀਤੀ ਨੇ ਵੀ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ 6ਵੀਂ, 7ਵੀਂ ਅਤੇ 9ਵੀਂ ਜਮਾਤ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਹੋਰ ਹੋਨਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੀਟਿੰਗ ਦੀ ਖ਼ਾਸ ਵਿਸ਼ੇਸ਼ਤਾ ਵੱਖ-ਵੱਖ ਵਿਸ਼ਿਆਂ ਦੀਆਂ ਲਗਾਈਆਂ ਗਈਆਂ ਐਗਜ਼ੀਬੀਸ਼ਨਾਂ ਰਹੀਆਂ। ਮੈਥ, ਸਾਇੰਸ ਅਤੇ ਐੱਸਐੱਸਟੀ ਵਿਭਾਗਾਂ ਵੱਲੋਂ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਗਿਆਨ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਨੇ ਸਭ ਦਾ ਧਿਆਨ ਖਿੱਚਿਆ। ਮਾਪਿਆਂ ਨੇ ਇਨ੍ਹਾਂ ਐਗਜ਼ੀਬੀਸ਼ਨਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਦੇ ਉੱਦਮ ਦੀ ਸਾਰਾਹਨਾ ਕੀਤੀ। ਪ੍ਰਿੰਸੀਪਲ ਡਾ. ਮਨਜੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੀਆਂ ਮੀਟਿੰਗਾਂ ਦਾ ਮਕਸਦ ਸਿਰਫ਼ ਨਤੀਜੇ ਦਿਖਾਉਣਾ ਨਹੀਂ, ਬਲਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਅਕਾਦਮਿਕ, ਸਾਂਸਕ੍ਰਿਤਿਕ ਅਤੇ ਆਚਰਣਕ ਪੱਖ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਘਰ ਵਿਚ ਵੀ ਬੱਚਿਆਂ ਲਈ ਪੜ੍ਹਾਈ ਦਾ ਸੁਖਦ ਮਾਹੌਲ ਬਣਾਉਣ ਅਤੇ ਉਨ੍ਹਾਂ ਦੀ ਪ੍ਰਗਤੀ ਵਿਚ ਭਾਗੀਦਾਰ ਬਣਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਚੰਗੇ ਚਰਿੱਤਰ, ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਵਿਕਸਿਤ ਕਰਨ ਲਈ ਵੀ ਪ੍ਰਤੀਬੱਧ ਹੈ। ਇਸ ਲਈ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਲਗਾਤਾਰ ਸੰਪਰਕ ਬਹੁਤ ਜ਼ਰੂਰੀ ਹੈ। ਅੰਤ ਵਿਚ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਮੀਟਿੰਗ ਵਿਚ ਸ਼ਿਰਕਤ ਕਰਨ ਵਾਲੇ ਸਾਰੇ ਮਾਪਿਆਂ, ਵਿਦਿਆਰਥੀਆਂ ਅਤੇ ਐੱਸਐੱਮਸੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।