- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਕੁੱਝ ਮੁੱਦਿਆਂ ’ਤੇ ਚਰਚਾ ਕੀਤੀ ਗਈ ਕਿ ਪੰਜਾਬ ਸਰਕਾਰ ਨੇ ਨੌਕਰੀਆਂ ਦੇਣ ਦਾ ਐਵੇਂ ਢਿੰਡੋਰਾ ਹੀ ਪਿੱਟਿਆ ਹੈ। ਨੌਜਵਾਨ ਤੇ ਪੜ੍ਹਿਆ ਲਿਖਿਆ ਤਬਕਾ ਡਿਗਰੀਆਂ ਲੈ ਕੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ ਜ਼ਿਆਦਾਤਰ ਨੌਜਵਾਨ ਆਪਣਾ ਸਾਰਾ ਕੁੱਝ ਦਾਅ ’ਤੇ ਲਗਾ ਕੇ ਵਿਦੇਸ਼ਾਂ ਨੂੰ ਕੂਚ ਕਰ ਰਿਹੇ ਹਨ। ਵਿਦੇਸ਼ਾਂ ਦੇ ਹਾਲਾਤ ਵੀ ਨੌਜਵਾਨਾਂ ਲਈ ਸਾਜ਼ਗਾਰ ਨਹੀਂ ਰਹੇ, ਹਾਲਾਤ ਮਾੜੇ ਹਨ। ਇਸੇ ਤਰ੍ਹਾਂ ਮਾਲ ਵਿਭਾਗ ਦੇ ਪਟਵਾਰ ਖਾਨਿਆਂ ਵਿਚ ਪ੍ਰਾਈਵੇਟ ਕਰਿੰਦਿਆਂ ਦਾ ਪੂਰਾ ਗਲਬਾ ਹੈ। ਪ੍ਰਾਈਵੇਟ ਕਰਿੰਦਿਆਂ ਨੇ ਪਟਵਾਰ ਦੇ ਸਰਕਲਾ ਅਤੇ ਸ਼ਹਿਰੀ ਹਲਕਿਆਂ ਲਈ ਪਟਵਾਰ ਪਾਸ ਪਟਵਾਰੀ ਰੱਖੇ ਹੋਏ ਹਨ। ਪ੍ਰਾਈਵੇਟ ਕਰਿੰਦੇ ਹੀ ਪਟਵਾਰੀਆਂ ਦੀਆਂ ਬਦਲੀਆਂ ਆਪਣੇ ਮੰਨ ਪਸੰਦ ਹਲਕਿਆਂ ’ਤੇ ਖੁਦ ਕਰਵਾਉਂਦੇ ਹਨ। ਪਟਵਾਰੀਆਂ ਦੀਆਂ ਬਦਲੀਆਂ ਨਾਲ ਸਬੰਧਿਤ ਐੱਸਕੇ ਬ੍ਰਾਂਚ ਜੋ ਪਟਵਾਰੀਆਂ ਦੀਆਂ ਬਦਲੀਆਂ, ਸ਼ਕਾਇਤਾਂ, ਪ੍ਰਮੋਸ਼ਨਾਂ ਅਤੇ ਸਰਵਿਸ ਨਾਲ ਸਬੰਧਿਤ ਹਰ ਗੱਲ ਦਾ ਰਿਕਾਰਡ ਰੱਖਦੀ ਹੈ, ਜਿਸਦਾ ਪਟਵਾਰੀਆ, ਕਾਨੂੰਨਗੋਆਂ ਨੂੰ ਹਰ ਪੱਖ ਤੋਂ ਕੰਟਰੋਲ ਹੁੰਦਾ ਹੈ। ਇਸ ’ਤੇ ਵੀ ਪ੍ਰਾਈਵੇਟ ਕਰਿੰਦਿਆਂ ਦਾ ਪ੍ਰਭਾਵ ਹੈ, ਬ੍ਰਾਂਚ ਦੇ ਮੁਲਾਜ਼ਮਾਂ ਨਾਲ ਕੰਮਕਾਜ ਸਬੰਧੀ ਲੈਣ ਦੇਣ ਕਰਿੰਦੇ ਹੀ ਕਰਦੇ ਹਨ। ਹੋਰ ਤਾਂ ਹੋਰ ਪਬਲਿਕ ਦੇ ਇੰਤਕਾਲ, ਫ਼ਰਦ ਬਦਰਾ ਤਹਿਸੀਲਦਾਰਾਂ ਤੋਂ ਮੰਨਜੂਰ ਕਰਿੰਦੇ ਹੀ ਕਰਵਾਉਂਦੇ ਹਨ। ਨਾਇਬ ਤਹਿਸੀਲਦਾਰਾਂ, ਤਹਿਸੀਲਦਾਰਾਂ ਵੱਲੋਂ ਮੂੰਹੋਂ ਮੰਗੀ ਫ਼ੀਸ ਕਰਿੰਦੇ ਆਸਾਨੀ ਨਾਲ ਭਰ ਦਿੰਦੇ ਹਨ। ਪਟਵਾਰੀ ਤਾਂ ਕਰਿੰਦਿਆਂ ਦੇ ਦਸਤਖ਼ਤ ਕਰਨ ਲਈ ਰੱਖੇ ਹੋਏ ਹਨ। ਇਹ ਪ੍ਰੈਕਟਿਸ ਡਿਪਟੀ ਕਮਿਸ਼ਨਰ ਦੀ ਦੇਖ ਰੇਖ ਤੇ ਸਹਿਮਤੀ ਨਾਲ ਜ਼ਿਲ੍ਹੇ ਵਿਚ ਧੜੱਲੇ ਨਾਲ ਚਲਦੀ ਹੈ। ਪਟਵਾਰੀ ਨਾਲ ਸਬੰਧਿਤ ਹਰ ਕੰਮ ਕਰਵਾਉਣ ਦੀ ਪਬਲਿਕ ਨੂੰ ਧੜੱਲੇ ਨਾਲ ਹਾਮੀ ਭਰਦੇ ਹਨ ਜੋ ਡਿਪਟੀ ਕਮਿਸ਼ਨਰ, ਉੱਚ ਅਧਿਕਾਰੀਆ ਤੇ ਵਿਜੀਲੈਂਸ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਵੀ ਪ੍ਰੈਕਟਿਸ ਜਾਰੀ ਹੈ। ਅਧਿਕਾਰੀਆਂ ਦੀਆਂ ਵੰਗਾਰਾਂ ਭਰਨ ਵਾਲੇ ਅਤੇ ਜੀ ਹਜ਼ੂਰੀਆ ਕਿਸਮ ਦੇ ਚਾਪਲੂਸ ਕਰਮਚਾਰੀਆਂ ਨੂੰ ਉੱਚ ਅਧਿਕਾਰੀਆਂ ਵੱਲੋਂ 15 ਅਗਸਤ ਤੇ 26 ਜਨਵਰੀ ਮਨਾਉਣ ਸਮੇਂ ਉਨ੍ਹਾ ਤੋ ਖਰਚਾ ਕਰਵਾਕੇ ਝੰਡਾ ਲਹਿਰਾਉਣ ਵਾਲੇ ਮੰਤਰੀ ਤੋਂ ਸਨਮਾਨਿਤ ਕਰਵਾਇਆ ਜਾਂਦਾ ਹੈ। ਜੋ ਬਾਅਦ ਵਿਚ ਸਾਥੀਆਂ ’ਤੇ ਸਨਮਾਨਿਤ ਹੋਣ ਦਾ ਰੋਹਬ ਝਾੜ੍ਹਦੇ ਹਨ। ਇਮਾਨਦਾਰੀ ਨਾਲ ਅਤੇ ਖੁਦ ਕੰਮ ਕਰਨ ਵਾਲੇ ਅਤੇ ਆਪਣੇ ਹੱਕ ਹਕੂਕ ਲਈ ਜੱਦੋਜਹਿਦ ਕਰਨ ਵਾਲਿਆਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਕੰਮ ਨਾਲੋਂ ਚੰਮ ਅਤੇ ਚਾਪਲੂਸੀ ਦੀ ਹੀ ਕਦਰ ਕੀਤੀ ਜਾਂਦੀ ਹੈ। ਪ੍ਰੈੱਸ ਨੂੰ ਜਾਣਕਾਰੀ ਗੁਰਮੇਲ ਸਿੰਘ ਗੋਂਦਾਰਾ ਜਨਰਲ ਸਕੱਤਰ ਨੇ ਦਿੱਤੀ।