ਪੰਜਾਬ ਪੈਨਸ਼ਨਰਜ਼ ਯੂਨੀਅਨ ਬ੍ਰਾਂਚ ਮੋਗਾ ਦੀ ਮੀਟਿੰਗ ਹੋਈ
ਪੰਜਾਬ ਪੈਨਸ਼ਨਰਜ਼ ਯੂਨੀਅਨ
Publish Date: Sat, 11 Apr 2026 03:57 PM (IST)
Updated Date: Sun, 12 Apr 2026 04:00 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਪੰਜਾਬ ਪੈਨਸ਼ਨਰਜ਼ ਯੂਨੀਅਨ ਬ੍ਰਾਂਚ ਮੋਗਾ ਦੀ ਮਹੀਨਵਾਰ ਮੀਟਿੰਗ ਬ੍ਰਾਂਚ ਦੇ ਐਕਟਿੰਗ ਪ੍ਰਧਾਨ ਅਜਮੇਰ ਸਿੰਘ ਅਖਾੜਾ ਦੀ ਪ੍ਰਧਾਨਗੀ ਹੇਠ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਚ ਹੋਈ। ਮੀਟਿੰਗ ਵਿਚ ਬਲਵਿੰਦਰ ਸਿੰਘ ਨਿਆਮੀਵਾਲਾ ਦੇ ਅਤੇ ਬਲਵਿੰਦਰ ਸਿੰਘ ਧਰਮਕੋਟ ਦੀ ਪਤਨੀ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਅਫ਼ਸੋਸ ਪ੍ਰਗਟ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਭੁਪਿੰਦਰ ਸਿੰਘ ਸੇਖੋਂ ਨੇ ਚਲਾਈ। ਇਸ ਮੌਕੇ ਗੁਰਜੰਟ ਸਿੰਘ ਕੋਕਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਇਸਤਿਹਾਰਾਂ ਰਾਹੀਂ ਪ੍ਰਚਾਰ ਤਾਂ ਕਰ ਰਹੀ ਹੈ ਕਿ ਸਰਕਾਰ ਨੇ ਨਵੀਆਂ ਬੱਸਾਂ ਪਾਈਆਂ ਹਨ ਪਰ ਇਹ ਸਾਰੀਆਂ ਬੱਸਾਂ ਕਿਲੋਮੀਟਰ ਸਕੀਮ ਅਧੀਨ ਹੀ ਪਾਈਆਂ ਗਈਆਂ ਹਨ। ਪੰਜਾਬ ਦਾ ਮੁੱਖ ਮੰਤਰੀ ਕਿਸੇ ਵੀ ਮੁਲਾਜ਼ਮ, ਮਜ਼ਦੂਰ ਜਾਂ ਕਿਸਾਨਾਂ ਦੀ ਜਥੇਬੰਦੀ ਨੂੰ ਟਿੱਚ ਕਰਕੇ ਸਮਝ ਰਿਹਾ ਹੈ। ਉਸ ਨੇ ਕਿਸੇ ਜਥੇਬੰਦੀ ਦੇ ਮਸਲੇ ਹੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਮੌਕੇ ਕਾ. ਜਗਦੀਸ਼ ਸਿੰਘ ਚਾਹਲ ਸੂਬਾ ਪ੍ਰਧਾਨ ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਕਿਹਾ ਕਿ ਭਾਵੇਂ ਪਿਛਲੀਆਂ ਸਰਕਾਰਾਂ ਨੇ ਮੁਲਾਜ਼ਮਾਂ ਅਤੇ ਲੋਕਾਂ ਨਾਲ ਧੋਖਾ ਹੀ ਕੀਤਾ ਹੈ ਪਰ ਇਹ ਸਰਕਾਰ ਤਾਂ ਸਭ ਤੋਂ ਨਿਕੰਮੀ ਹੀ ਨਿਕਲੀ ਹੈ। ਉਨ੍ਹਾਂ ਪੈਨਸ਼ਨਰਾਂ ਨੂੰ ਵੀ ਅਪੀਲ ਕੀਤੀ ਕਿ ਅੱਜ ਤੋਂ ਹੀ ਇਸ ਸਰਕਾਰ ਨੂੰ ਚਲਦਾ ਕਰਨ ਲਈ ਜ਼ੋਰ ਲਗਾਉਣਾ ਸ਼ੁਰੂ ਕਰ ਦਿਓ। ਇਸ ਮੌਕੇ ਵਿਸ਼ੇਸ਼ ਮਤਿਆਂ ਰਾਹੀਂ ਪੰਜਾਬ ਸਰਕਾਰ ਵੱਲੋਂ ਸੰਘਰਸ਼ ਕਰ ਰਹੀਆਂ ਨਰਸਾਂ ਤੇ ਐਸਮਾ ਲਾਗੂ ਕਰਨ ਦੀ ਨਿਖੇਧੀ ਕੀਤੀ ਗਈ। ਕੇਂਦਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡਾਂ, ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ 2025 ਦਾ ਸਰਵਸੰਮਤੀ ਨਾਲ ਵਿਰੋਧ ਕੀਤਾ ਗਿਆ। ਇਸ ਸਮੇਂ ਜ.ਸਕੱਤਰ ਬੂਟਾ ਸਿੰਘ ਭੱਟੀ ਅਤੇ ਸਤਪਾਲ ਸਹਿਗਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਕੈਸ਼ੀਅਰ, ਚਮਕੌਰ ਸਿੰਘ ਲੰਗੇਆਣਾ, ਉਂਕਾਰ ਸਿੰਘ ਫਰਵਾਹਾ, ਸੁਰਜੀਤ ਸਿੰਘ ਡਰੋਲੀ, ਗੁਰਜੀਤ ਸਿੰਘ ਡਰੋਲੀ, ਅਵਤਾਰ ਸਿੰਘ, ਛਿੰਦਰਪਾਲ ਸਿੰਘ, ਕਰਨੈਲ ਸਿੰਘ ਭਲੂਰ, ਦਰਸ਼ਨ ਸਿੰਘ ਕਲਸੀ ਆਦਿ ਵੀ ਹਾਜ਼ਰ ਸਨ। ਇਸ ਮੌਕੇ ਦਰਸ਼ਨ ਸਿੰਘ ਸਿੰਘਾਂਵਾਲਾ ਨੂੰ 70 ਸਾਲ ਦੀ ਉਮਰ ਤੱਕ ਯੂਨੀਅਨ ਪ੍ਰਤੀ ਵਫ਼ਦਾਰ ਰਹਿਣ ਕਾਰਨ ਇਕ ਲੋਈ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।