ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਜਥੇਬੰਦੀਆਂ ਦੀ ਮੀਟਿੰਗ
ਸਮੂਹ ਧਾਰਮਿਕ ਤੇ ਸਮਾਜਸੇਵੀ
Publish Date: Tue, 03 Feb 2026 04:13 PM (IST)
Updated Date: Wed, 04 Feb 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਸਮੂਹ ਧਾਰਮਿਕ ਤੇ ਸਮਾਜਸੇਵੀ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਸਾਹਿਬ ਵਿਖੇ ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾਦਲ ਮੋਗਾ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦਾ ਮੁੱਖ ਉਦੇਸ਼ 18, 19 ਅਤੇ 20 ਮਾਰਚ 2026 ਨੂੰ ਨਵੀਂ ਅਨਾਜ਼ ਮੰਡੀ ਵਿਖੇ ਕਰਵਾਏ ਜਾ ਰਹੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕਰਨਾ ਸੀ। ਮੀਟਿੰਗ ਦੌਰਾਨ ਸਮਾਗਮ ਨੂੰ ਸੁਚੱਜੇ ਢੰਗ ਨਾਲ ਸਫ਼ਲ ਬਣਾਉਣ ਲਈ ਸਮੂਹ ਜਥੇਬੰਦੀਆਂ ਤੋਂ ਕੀਮਤੀ ਸੁਝਾਅ ਲਏ ਗਏ। ਸਟੇਜ ਦੀ ਸੇਵਾ ਸੰਭਾਲ ਰਹੇ ਹਰਜਿੰਦਰ ਸਿੰਘ ਹੈਪੀ ਵੱਲੋਂ ਸਮਾਗਮ ਦੀ ਪੂਰੀ ਰੂਪਰੇਖਾ ਵਿਸਥਾਰ ਪੂਰਵਕ ਸੰਗਤਾਂ ਦੇ ਸਾਹਮਣੇ ਰੱਖੀ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਸਮਾਗਮ ਗੁਰੂ ਸਾਹਿਬ ਦੀ ਬਾਣੀ, ਗੁਰਮਤਿ ਸਿਧਾਂਤਾਂ ਅਤੇ ਸਿੱਖ ਚੇਤਨਾ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ। ਇਸ ਮੌਕੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ, ਸਮਾਜ ਸੇਵੀ ਬਲਜੀਤ ਸਿੰਘ ਚਾਨੀ, ਰਾਮਗੜੀਆ ਸੰਗਠਨ ਵੱਲੋਂ ਕੁਲਵੰਤ ਸਿੰਘ, ਖੰਡ ਕੀਰਤਨੀ ਜਥੇ ਵੱਲੋਂ ਨਵਤੇਜ ਸਿੰਘ, ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸ਼ਾਹਕੋਟ ਵੱਲੋਂ ਰਜਿੰਦਰ ਸਿੰਘ ਤੇ ਗੁਰਦੇਵ ਸਿੰਘ, ਕ੍ਰਿਸ਼ਨਪੁਰਾ ਦਲ ਵੱਲੋਂ ਮੇਜਰ ਸਿੰਘ ਸਮੇਤ ਹੋਰ ਮੈਂਬਰਾਂ ਨੇ ਆਪਣੇਆਪਣੇ ਸੁਝਾਅ ਰੱਖੇ। ਖ਼ਾਲਸਾ ਸੇਵਾ ਸੁਸਾਇਟੀ ਵੱਲੋਂ ਦਲਜੀਤ ਸਿੰਘ, ਹਰਪ੍ਰੀਤ ਸਿੰਘ ਖੀਵਾ, ਰਸ਼ਪਾਲ ਸਿੰਘ ਕਸਿਆ, ਰਾਜਪੂਤ ਮਹਿਰਾ ਸਭਾ ਵੱਲੋਂ ਨਿਰਮਲ ਸਿੰਘ ਮੀਨੀਆ, ਭਾਈ ਘਨ੍ਹਈਆ ਜੀ ਜਲ ਸੇਵਾ ਸੋਸਾਇਟੀ ਵੱਲੋਂ ਹਰਮਨਦੀਪ ਸਿੰਘ ਖ਼ਾਲਸਾ, ਹਰਜਸ ਸਿੰਘ ਤਲਵੰਡੀ ਭਾਈ, ਹਿਊਮਨ ਇੰਪਰੂਵਮੈਂਟ ਸੁਸਾਇਟੀ ਮੋਗਾ ਵੱਲੋਂ ਸੰਜੀਵ ਅਰੋੜਾ, ਸਤਪਾਲ ਸਿੰਘ ਕੰਡਾ, ਗੁਰਜਿੰਦਰ ਸਿੰਘ ਧੰਮੂ, ਬਲਵਿੰਦਰ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣਾਂ ਨੇ ਵੀ ਸਮਾਗਮ ਲਈ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਮੀਟਿੰਗ ਵਿਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੁਸਾਇਟੀ ਵੱਲੋਂ ਰਣਜੀਤ ਸਿੰਘ ਤੇ ਹਰਿਮੰਦਰ ਸਿੰਘ ਸਮੇਤ ਅਨੇਕਾਂ ਧਾਰਮਿਕ ਅਤੇ ਸਮਾਜਸੇਵੀ ਜਥੇਬੰਦੀਆਂ ਦੀ ਸ਼ਮੂਲੀਅਤ ਰਹੀ। ਇਸ ਮੌਕੇ ਕੁਲਵਿੰਦਰ ਸਿੰਘ ਨੇ ਸਾਰੀਆਂ ਜਥੇਬੰਦੀਆਂ, ਸਮਾਜਸੇਵਾ ਸੁਸਾਇਟੀਆਂ ਅਤੇ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਦੇ ਸਾਂਝੇ ਉਪਰਾਲਿਆਂ ਨਾਲ ਹੀ ਇਹ ਸਮਾਗਮ ਚੜ੍ਹਦੀ ਕਲਾ ਨਾਲ ਸੰਪੰਨ ਹੋਵੇਗਾ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧਚੜ੍ਹ ਕੇ ਸਮਾਗਮ ਵਿਚ ਹਿੱਸਾ ਲਿਆ ਜਾਵੇ ਅਤੇ 20 ਮਾਰਚ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਸਾਹਿਬ ਵਿਖੇ ਹੋ ਰਹੇ ਅੰਮ੍ਰਿਤ ਸੰਚਾਰ ਵਿਚ ਭਾਗ ਲੈ ਕੇ ਗੁਰੂ ਘਰ ਨਾਲ ਆਪਣੀ ਸਾਂਝ ਹੋਰ ਮਜ਼ਬੂਤ ਕੀਤੀ ਜਾਵੇ। ਅੰਤ ਵਿਚ ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਨੂੰ ਪੂਰੀ ਸ਼ਰਧਾ ਅਤੇ ਚੜ੍ਹਦੀ ਕਲਾ ਨਾਲ ਸਫ਼ਲ ਬਣਾਈਏ।