ਨਰੇਗਾ ਬਾਰੇ ਕੀਤਾ ਜਾ ਰਿਹਾ ਗੁੰਮਰਾਹ : ਸੰਧੂ
ਭਾਜਪਾ ਦੇ ਹਲਕਾ ਨਿਹਾਲ
Publish Date: Wed, 28 Jan 2026 04:19 PM (IST)
Updated Date: Thu, 29 Jan 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਭਾਜਪਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐਸਪੀ ਮੁਖਤਿਆਰ ਸਿੰਘ ਸੰਧੂ ਨੇ ਪਿੰਡ ਰੌਂਤਾ ਵਿਖੇ ਨਰੇਗਾ ਅਧੀਨ ਕੰਮ ਕਰਦੇ ਮਜ਼ਦੂਰਾਂ ਨਾਲ਼ ਇਕ ਵਿਸ਼ੇਸ ਮੀਟਿੰਗ ਕੀਤੀ ਜਿਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸੌ ਦਿਨ ਕੰਮ ਦੀ ਗਰੰਟੀ ਨੂੰ ਵਧਾਕੇ ਇਕ ਸੌ ਪੱਚੀ ਦਿਨ ਕਰਨ ਤੇ ਇਸ ਸਕੀਮ ਵਿਚ ਲਿਆਂਦੀ ਗਈ ਪਾਰਦਰਸ਼ਤਾ ਬਾਰੇ ਮਜ਼ਦੂਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਮੁਖਤਿਆਰ ਸਿੰਘ ਸੰਧੂ ਨੇ ਬੋਲਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਜੋ ਨਰੇਗਾ ਸਕੀਮ ਬਾਰੇ ਗ਼ਲਤ ਕੂੜਪ੍ਰਚਾਰ ਕਰ ਰਹੀਆਂ ਹਨ, ਉਹ ਅਸਲੀਅਤ ਤੋਂ ਕੋਹਾਂ ਦੂਰ ਹਨ ਅਤੇ ਉਹ ਨਰੇਗਾ ਮਜ਼ਦੂਰਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਇਕ ਸੌ ਪੱਚੀ ਦਿਨ ਦੀ ਗਰੰਟੀ ਦੇ ਨਾਲ ਰਾਜ ਸਰਕਾਰਾਂ ਨੂੰ ਇਹ ਸਖ਼ਤੀ ਨਾਲ ਆਦੇਸ਼ ਜਾਰੀ ਕੀਤੇ ਹਨ ਕਿ ਜੇਕਰ ਤੁਹਾਡੇ ਕੋਲ ਰੁਜ਼ਗਾਰ ਨਹੀਂ ਤਾਂ ਨਰੇਗਾ ਮਜ਼ਦੂਰਾਂ ਨੂੰ ਘਰ ਬੈਠੇ ਮਜ਼ਦੂਰੀ ਦੇ ਪੈਸੇ ਜਾਂ ਬੇਰੁਜ਼ਗਾਰੀ ਭੱਤਾ ਮੁਹੱਈਆ ਕਰਵਾਉਣਾ ਪਵੇਗਾ ਅਤੇ ਨਰੇਗਾ ਸਕੀਮ ਨਾਲ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਧੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਮੁੱਚੇ ਨਰੇਗਾ ਸਕੀਮ ਅਤੇ ਮਜ਼ਦੂਰ ਵਰਗ ਨਾਲ ਆਪਣੀ ਵਚਨਬੱਧਤਾ ਦੁਹਰਾਈ ਹੈ ਕਿ ਦੇਸ਼ ਵਿਚ ਕੋਈ ਵੀ ਮਜ਼ਦੂਰ ਕਿਰਤ ਤੋਂ ਵਾਂਝਾ ਨਾ ਰਹੇ ਕਿਉਂਕਿ ਨਰੇਗਾ ਮਜ਼ਦੂਰੀ ਨਾਲ ਉਹ ਆਪਣੇ ਬੱਚਿਆਂ ਦਾ ਪਾਲਣਪੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਕਿ ਹੈਰਤਅੰਗੇਜ਼ ਗੱਲ ਇਹ ਹੈ ਕਿ ਸੂਬੇ ਦੀ ਆਪ ਸਰਕਾਰ ਨੇ ਨਰੇਗਾ ਮਜ਼ਦੂਰਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ ਜੋ ਕਿ ਮਜ਼ਦੂਰਾਂ ਨਾਲ ਇਕ ਵੱਡਾ ਧੋਖਾ ਹੈ ਅਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਤੇਰਾਂ ਹਜ਼ਾਰ ਤੋਂ ਵੱਧ ਪਿੰਡਾਂ ਵਿਚ ਮਹਿਜ਼ ਇਕ ਹਜ਼ਾਰ ਪਿੰਡਾਂ ਵਿਚ ਹੈ ਨਰੇਗਾ ਰੁਜ਼ਗਾਰ ਦਿੱਤਾ ਗਿਆ ਜਦਕਿ ਦੂਸਰੇ ਪਿੰਡਾਂ ਦਾ ਨਰੇਗਾ ਪੈਸਾ ਸਰਕਾਰ ਨੇ ਆਪਣੇ ਦੂਸਰੇ ਹਿਤਾਂ ਲਈ ਵਰਤ ਲਿਆ। ਇਸ ਲਈ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਿਚ ਤਬਦੀਲੀਆਂ ਲਿਆਂਦੀਆਂ ਹਨ ਤਾਂ ਕਿ ਕੋਈ ਵੀ ਰਾਜ ਸਰਕਾਰ ਮਜ਼ਦੂਰਾਂ ਦੇ ਪੈਸੇ ਦੀ ਮਜ਼ਦੂਰਾਂ ਲਈ ਵਰਤੋਂ ਕਰੇ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਨੂੰ ਉੱਚਾ ਚੁੱਕਣ ਲਈ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਲਿਆਂਦੀਆਂ ਜਾਣਗੀਆਂ ਤੇ ਕੋਈ ਵੀ ਮਜ਼ਦੂਰ ਮਜ਼ਦੂਰੀ ਤੋਂ ਬਿਨ੍ਹਾਂ ਨਹੀਂ ਰਹੇਗਾ।