ਡੀਸੀ ਦਫਤਰ ਅੱਗੇ ਧਰਨਾ ਲਾਉਣ ਦਾ ਐਲਾਨ
ਸੰਯੁਕਤ ਕਿਸਾਨ ਮੋਰਚੇ
Publish Date: Sun, 11 Jan 2026 04:41 PM (IST)
Updated Date: Mon, 12 Jan 2026 04:04 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਜ਼ਿਲ੍ਹਾ ਮੋਗਾ ਵਿਖੇ ਬੀਬੀ ਕਾਹਨ ਕੌਰ ਗੁਰਦੁਆਰਾ ਸਾਹਿਬ ਵਿਚ ਸੰਯੁਕਤ ਕਿਸਾਨ ਮੋਰਚਾ ਮੋਗਾ, ਕਿਸਾਨ, ਮਜ਼ਦੂਰ, ਵਿਦਿਆਰਥੀ, ਨੌਜਵਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਮਜ਼ਦੂਰ, ਵਿਦਿਆਰਥੀ, ਨੌਜਵਾਨ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਵਿਸ਼ੇਸ਼ ਤੌਰ ’ਤੇ ਵੀ ਵੱਡੀ ਗਿਣਤੀ ਵਿਚ ਭਾਗ ਲਿਆ। ਸੰਬੋਧਨ ਕਰਦਿਆਂ ਐਸਕੇਐਮ ਮੋਗਾ ਦੇ ਆਗੂ ਬਲੌਰ ਸਿੰਘ ਘੱਲਕਲਾਂ ਜ਼ਿਲ੍ਹਾ ਵਿੱਤ ਸਕੱਤਰ, ਬੀਕੇਯੂ ਉਗਰਾਹਾਂ, ਚਮਕੌਰ ਸਿੰਘ ਰੋਡੇਖੁਰਦ ਜ਼ਿਲ੍ਹਾ ਸਕੱਤਰ, ਕਿਰਤੀ ਕਿਸਾਨ ਯੂਨੀਅਨ ਅਤੇ ਕਸ਼ਮੀਰ ਸਿੰਘ ਭੇਖਾ ਜ਼ਿਲ੍ਹਾ ਮੀਤ ਪ੍ਰਧਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਵੱਖਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਿਚ ਕੀਤੇ ਜਾ ਰਹੇ ਫੈਂਸਲਿਆਂ ਦੇ ਵਿਰੋਧ ਵਜੋਂ ਬਿਜਲੀ ਸੋਧ ਬਿੱਲ, ਬੀਜ਼ ਬਿੱਲ, ਚਾਰ ਲੇਬਰ ਕੋਡ ਬਿੱਲ, ਮਗਨਰੇਗਾ ਕਾਨੂੰਨ ਵਿੱਚ ਤਬਦੀਲੀਆਂ, ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਅਤੇ ਜ਼ਮੀਨਾਂ ਹੜੱਪਣ ਵਰਗੇ ਮਸਲਿਆਂ ਖ਼ਿਲਾਫ਼ ਸਾਂਝਾ ਸੰਘਰਸ਼ ਛੇੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਨੂੰ ਜੀ ਰਾਮ ਜੀ ਤਹਿਤ ਬਦਲਣ ਦੀ ਕੋਸ਼ਿਸ਼ ਮਜ਼ਦੂਰ ਵਰਗ ਲਈ ਘਾਤਕ ਸਾਬਤ ਹੋਵੇਗੀ। ਇਸ ਸਬੰਧ ਵਿਚ 16 ਜਨਵਰੀ ਨੂੰ ਪੰਜਾਬ ਭਰ ਦੇ ਸਾਰੇ ਡੀਸੀ ਦਫ਼ਤਰਾਂ ਅੱਗੇ ਤਿੰਨ ਘੰਟੇ ਲਈ ਧਰਨੇ ਲਗਾਏ ਜਾਣਗੇ। ਇਸੇ ਤਹਿਤ ਮੋਗਾ ਵਿਖੇ ਵੀ ਡੀਸੀ ਦਫ਼ਤਰ ਅੱਗੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਵੱਡਾ ਧਰਨਾ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੀ ਪੂਰੀ ਰੂਪਰੇਖਾ ਅੱਜ ਦੀ ਮੀਟਿੰਗ ਦੌਰਾਨ ਤਿਆਰ ਕੀਤੀ ਗਈ। ਮੀਟਿੰਗ ਵਿੱਚ ਬਲੌਰ ਸਿੰਘ ਬੀਕੇਯੂ ਉਗਰਾਹਾਂ, ਚਮਕੌਰ ਸਿੰਘ ਰੋਡੇਖੁਰਦ, ਕਸ਼ਮੀਰ ਸਿੰਘ ਭੇਖਾ, ਮੇਜ਼ਰ ਸਿੰਘ ਕਾਲੇਕੇ ਜ਼ਿਲ੍ਹਾ ਪ੍ਰਧਾਨ, ਮਨਜੀਤ ਸਿੰਘ ਬੁੱਘੀਪੁਰਾ ਜ਼ਿਲ੍ਹਾ ਪ੍ਰਧਾਨ, ਸਵਰਨ ਸਿੰਘ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ ਬੀਕੇਯੂ ਲੱਖੋਵਾਲ, ਭੁਪਿੰਦਰ ਸਿੰਘ ਪੰਜਾਬ ਪੈਨਸ਼ਨਰ ਯੂਨੀਅਨ, ਪਲਵਿੰਦਰ ਸਿੰਘ ਸਿੱਧੂ ਪੀਐਸਈਬੀ ਫੈੱਡਰੇਸ਼ਨ, ਗੁਰਮੀਤ ਸਿੰਘ ਅਤੇ ਸੁਖਦੀਪ ਸਿੰਘ ਭੇਖਾ ਸਮੇਤ ਹੋਰ ਕਈ ਕਿਸਾਨ ਅਤੇ ਮਜ਼ਦੂਰ ਆਗੂ ਮੌਜੂਦ ਰਹੇ।