ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਚਿਰੋਕਣੀ ਮੰਗ ਨੂੰ ਪਿਆ ਬੂਰ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ
Publish Date: Thu, 16 Apr 2026 05:51 PM (IST)
Updated Date: Fri, 17 Apr 2026 04:12 AM (IST)

ਹਰਦੀਪ ਧੰਮੀ ਨੰਗਲ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਸੂਬਾਈ ਵਫ਼ਦ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸੱਦੇ ਤੇ ਕੈਬਨਿਟ ਸਬ ਕਮੇਟੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਮਿਲਿਆ। ਵਫ਼ਦ ਵਿਚ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਚੇਅਰਮੈਨ ਐੱਚਐੱਸ ਰਾਣੂ, ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ ਅਤੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਬਲਵੀਰ ਸਿੰਘ ਸ਼ਾਮਲ ਹੋਏ। ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੁਮਾਰ ਰਾਹੁਲ ਅਤੇ ਸਪੈਸ਼ਲ ਸਕੱਤਰ ਫਾਇਨਾਂਸ ਅਜੈ ਅਰੋੜਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਐਸੋਸੀਏਸ਼ਨ ਦੀ ਤਰਫੋਂ ਮੰਗ ਪੱਤਰ ਅਤੇ ਲੋੜੀਂਦੇ ਹਵਾਲਾ ਦਸਤਾਵੇਜ਼ਾਂ ਦੀ ਫਾਈਲ ਸਰਕਾਰ ਅੱਗੇ ਪੇਸ਼ ਕਰਦਿਆਂ ਮੰਗ ਕੀਤੀ ਕਿ ਸਰਕਾਰ ਕੋਈ ਸੰਖੇਪ ਬ੍ਰਿਜ ਕੋਰਸ ਕਰਵਾ ਕੇ ਮੁਢੱਲੀਆਂ ਸਿਹਤ ਸੇਵਾਵਾਂ ਲਈ ਹੈਲਥ ਕੇਅਰ ਪ੍ਰੋਵਾਇਡਰ ਵਜੋਂ ਅਧਿਕਾਰਿਤ ਕਰਨ ਦੀ ਖੇਚਲ ਕਰੇ, ਤਾਂ ਜ਼ੋ ਇਸ ਕਿੱਤੇ ਨਾਲ ਜੁੜੇ ਲੱਖਾਂ ਲੋਕਾਂ ਦਾ ਸਵੈਰੋਜ਼ਗਾਰ ਬਚ ਸਕੇ ਅਤੇ ਲੱਖਾਂ ਪਰਿਵਾਰਕ ਮੈਂਬਰਾਂ ਦਾ ਉਜਾੜਾ ਅਤੇ ਸੇਵਾਵਾਂ ਲੈਣ ਵਾਲੇ ਲੱਖਾਂ ਲੋਕਾਂ ਨੂੰ ਮਿਲ ਰਹੀਆਂ ਸਸਤੀਆਂ ਸੇਵਾਵਾਂ ਵੀ ਜਾਰੀ ਰਹਿ ਸਕਣ। ਸਬ ਕਮੇਟੀ ਅੱਗੇ ਪੇਸ਼ ਕੀਤੇ ਦਸਤਾਵੇਜਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਇਸ ਸਬੰਧੀ ਸਾਰਥਿਕ ਹੁੰਗਾਰਾ ਭਰਦਿਆਂ ਜਲਦੀ ਹੀ ਇਹ ਕੋਰਸ ਸ਼ੁਰੂ ਕਰਨ ਦੀ ਯੋਜਨਾ ਨੂੰ ਪੂਰਾ ਕਰਨ ਲਈ ਹਾਜ਼ਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਤਾਂ ਜ਼ੋ ਪੰਜਾਬ ਚ ਸੇਵਾਵਾਂ ਨਿਭਾ ਰਹੇ ਡੇਢ ਲੱਖ ਹੈਲਥ ਕੇਅਰ ਪ੍ਰੌਵਾਈਡਰਾਂ ਦੇ ਰੁਜ਼ਗਾਰ ਨੂੰ ਕੋਈ ਆਂਚ ਨਾ ਆਵੇ ਅਤੇ ਉਨ੍ਹਾਂ ਦਾ ਮਾਨ ਸਨਮਾਨ ਵੀ ਬਰਕਰਾਰ ਰਹਿ ਸਕੇ। ਇਸ ਸਮੇਂ ਐਸੋਸੀਏਸ਼ਨ ਦੀ ਸੂਬਾਈ ਲੀਡਰਸ਼ਿਪ ਵੱਲੋਂ ਮੀਟਿੰਗ ਦੇਣ ਅਤੇ ਉਨ੍ਹਾਂ ਦੇ ਪੱਖ ਨੂੰ ਸੁਹਿਰਦਤਾ ਨਾਲ ਸੁਣਨ ਅਤੇ ਮੁੱਖ ਮੰਗ ਸਬੰਧੀ ਹਾਂ ਪੱਖੀ ਹੁੰਗਾਰੇ ਲਈ ਕੈਬਨਿਟ ਸਬ ਕਮੇਟੀ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।