ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋਂ ਸ਼ਹੀਦੀ ਦਿਹਾੜੇ ਸਬੰਧੀ ਚਰਚਾ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ
Publish Date: Thu, 19 Mar 2026 04:49 PM (IST)
Updated Date: Fri, 20 Mar 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ: 295 ਦੇ ਸੂਬਾਈ ਆਗੂ ਧੰਨਾ ਮੱਲ ਗੋਇਲ, ਗੁਰਮੇਲ ਸਿੰਘ ਮਾਛੀਕੇ, ਰਾਕੇਸ਼ ਮਹਿਤਾ, ਐੱਚਐੱਸ ਰਾਣੂ ਅਤੇ ਸੁਰਜੀਤ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ , ਪੈਨਸ਼ਨਰਜ਼ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਆਦਿ ਵੱਖ ਵੱਖ ਵਰਗਾਂ ਦੀਆਂ 90 ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਵਸ਼ ਵਜੋਂ ਮਨਾਉਣ ਦੇ ਫ਼ੈਸਲੇ ਦਾ ਸਮਰਥਨ ਕਰਦਿਆਂ ਪੰਜਾਬ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਐਸੋਸ਼ੀਏਸ਼ਨ ਦੀ ਪਿਰਤ ਅਨੁਸਾਰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਜਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੱਦੇ ’ਤੇ ਜ਼ਿਲ੍ਹਾ ਬਲਾਕ ਪੱਧਰੀ ਸਾਮਰਾਜ ਵਿਰੋਧੀ ਦਿਵਸ਼ ਵਜੋਂ ਮਨਾਉਣ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਅਮਰੀਕਾ ਦੀ ਸ਼ਹਿ ’ਤੇ ਲੋਕ ਵਿਰੋਧੀ ਵਪਾਰ ਮੁਕਤ ਸਮਝੌਤਾ, ਬਿਜਲੀ ਸੋਧ ਬਿੱਲ, ਮਗਨਰੇਗਾ ਸਕੀਮ ਨੂੰ ਤੋੜ ਮਰੋੜ ਕੇ ਲੋਕ ਵਿਰੋਧੀ ਜੀ ਰਾਮ ਜੀ, ਕਿਰਤ ਕਾਨੂੰਨਾਂ ਨੂੰ ਲੇਬਰ ਕੋਡ ਵਿਚ ਬਦਲਣ ਆਦਿ ਕਾਰਪੋਰੇਟਰਾਂ ਪੱਖੀ ਨੀਤੀਆਂ ਦਾ ਪਰਦਾਫ਼ਾਸ਼ ਕਰਨ ਅਤੇ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਲਈ ਭਰਾਤਰੀ ਜਥੇਬੰਦੀਆਂ ਨੂੰ ਨਿੱਜਤਾ ਤੋਂ ਉੱਪਰ ਉੱਠ ਜਥੇਬੰਦਕ ਜ਼ਾਬਤੇ ਕਬੂਲਦਿਆਂ ਸਾਂਝੇ ਵਿਸ਼ਾਲ ਅਤੇ ਲਗਾਤਾਰ ਜਥੇਬੰਦਕ ਸਰਗਰਮੀਆਂ ਕਰਨੀਆਂ ਸਮੇਂ ਦੀ ਵੱਡੀ ਲੋੜ ਹੈ। ਆਗੂਆਂ ਨੇ ਸਮੂਹ ਐਸੋਸੀਏਸ਼ਨ ਦੇ ਜਥੇਬੰਦਕ ਪਰਿਵਾਰ ਅਤੇ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਵੀ ਸਾਂਝੇ ਪਲੇਟਫਾਰਮ ਤੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।