31 ਜਨਵਰੀ ਤੋਂ ਪਹਿਲਾਂ ਕਰਵਾਉਣੀ ਪਵੇਗੀ ਮੇਅਰ ਦੀ ਚੋਣ
ਸਿਵਲ ਸੁਸਾਇਟੀ ਮੋਗਾ ਵੱਲੋਂ
Publish Date: Mon, 12 Jan 2026 05:01 PM (IST)
Updated Date: Tue, 13 Jan 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਸਿਵਲ ਸੁਸਾਇਟੀ ਮੋਗਾ ਵੱਲੋਂ ਮੋਗਾ ਸ਼ਹਿਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੀ ਵਿੱਢੀ ਗਈ ਮੁਹਿੰਮ ਨੂੰ ਅੱਜ ਵੱਡਾ ਬਲ ਮਿਲਿਆ ਜਦ 9 ਕਾਂਗਰਸੀ ਕੌਂਸਲਰਾਂ ਦੀ ਸਿਵਲ ਰਿੱਟ ਪਟੀਸ਼ਨ ਨੰ: 201 ’ਤੇ ਫੈਸਲਾ ਸੁਣਾਉਂਦਿਆ ਮਾਨਯੋਗ ਹਾਈਕੋਰਟ ਨੇ 31 ਜਨਵਰੀ ਤੋਂ ਪਹਿਲਾਂ ਮੋਗਾ ਮੇਅਰ ਦੀ ਚੋਣ ਕਰਵਾਉਣ ਦਾ ਹੁਕਮ ਸੁਣਾ ਦਿੱਤਾ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜ਼ਰ ਅਜੇ ਗੋਰਾ ਸੂਦ, ਪ੍ਰਜੀਡੀਅਮ ਮੈਂਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ ਅਤੇ ਬਲਵਿੰਦਰ ਸਿੰਘ ਰੋਡੇ ਨੇ ਦੱਸਿਆ ਕਿ ਮੇਅਰ ਦੇ ਅਸਤੀਫ਼ੇ ਤੋਂ ਬਾਅਦ ਸਿਵਲ ਸੁਸਾਇਟੀ ਮੋਗਾ ਵੱਲੋਂ ਸ਼ਹਿਰ ਵਿਚ ਪੋਸਟਰ ਅਤੇ ਬੈਨਰ ਲਗਾਏ ਗਏ ਸਨ ਅਤੇ 26 ਦਸੰਬਰ ਨੂੰ ਟਾਊਨ ਹਾਲ ਕਲੱਬ ਵਿਚ ਲੋਕਾਂ ਦਾ ਇਕੱਠ ਕਰਕੇ ਵਾਰਡਬੰਦੀ ਅਤੇ ਮੇਅਰ ਦੀ ਚੋਣ ਸਬੰਧੀ ਮਸਲੇ ਉਠਾਏ ਸਨ ਅਤੇ ਅਗਾਮੀ ਕੌਂਸਲ ਚੋਣਾਂ ਲਈ ਮੋਗਾ ਸ਼ਹਿਰ ਦੇ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਸੀ ਜਿਸ ਤੋਂ ਸ਼ਹਿਰ ਦੀ ਰਾਜਨੀਤੀ ਵਿਚ ਇਕਦਮ ਭੁਚਾਲ ਆ ਗਿਆ ਸੀ। ਕੌਂਸਲਰ ਗੌਰਵ ਗੁੱਡੂ ਅਤੇ ਰੀਮਾ ਸੂਦ ਵੱਲੋਂ ਮੇਅਰ ਦੀ ਚੋਣ ਕਰਵਾਉਣ ਲਈ ਪੱਤਰ ਲਿਖਿਆ ਸੀ ਅਤੇ 9 ਕਾਂਗਰਸੀ ਕੌਂਸਲਰਾਂ ਸਾਹਿਲ ਅਰੋੜਾ, ਅਮਨਪ੍ਰੀਤ ਕੌਰ ਮਾਨ, ਤਰਸੇਮ ਸਿੰਘ, ਰਾਮ ਕੌਰ, ਮਨਜੀਤ ਕੌਰ ਗਿੱਲ, ਵਿਜੇ ਖੁਰਾਣਾ, ਜਸਪ੍ਰੀਤ ਸਿੰਘ ਵਿੱਕੀ ਸਰਪੰਚ, ਰੀਮਾ ਸੂਦ ਅਤੇ ਅਮਰਜੀਤ ਅੰਬੀ ਵੱਲੋਂ ਮਾਨਯੋਗ ਹਾਈਕੋਰਟ ਦਾ ਰੁੱਖ ਕੀਤਾ ਸੀ ਅਤੇ ਮਾਨਯੋਗ ਹਾਈਕੋਰਟ ਵੱਲੋਂ ਇਹ ਇਤਿਹਾਸਕ ਫ਼ੈਸਲਾ ਸੁਣਾਇਆ ਜਿਸ ਨਾਲ ਸ਼ਹਿਰ ਦੀ ਰਾਜਨੀਤੀ ਇਕ ਵਾਰ ਗਰਮਾ ਗਈ ਹੈ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਵੱਲੋਂ ਉਕਤ ਕੌਂਸਲਰਾਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕੌਂਸਲਰਾਂ ਨੂੰ ਪਾਰਟੀ ਪੱਧਰ ਤੋਂ ਉਪਰ ਉਠ ਕੇ ਇੱਕਜੁਟ ਹੋ ਕੇ ਨਵੇਂ ਮੇਅਰ ਦੀ ਚੋਣ ਕਰਨ ਅਤੇ ਕੌਂਸਲ ਦੇ ਰਹਿੰਦੇ ਸਮੇਂ ਵਿਚ ਮੋਗਾ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੀ ਅਪੀਲ ਕੀਤੀ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਅਹੁਦੇਦਾਰਾਂ ਅਤੇ ਮੌਜੂਦ ਕੌਂਸਲਰਾਂ ਨੇ ਮਾਨਯੋਗ ਹਾਈਕੋਰਟ ਦਾ ਵੀ ਧੰਨਵਾਦ ਕੀਤਾ ਜਿਸ ਦੇ ਇਸ ਫ਼ੈਸਲੇ ਨਾਲ ਮੋਗਾ ਸ਼ਹਿਰ ਵਿਚ ਲੋਕਤੰਤਰ ਮਜ਼ਬੂਤ ਹੋਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਸ਼ਿਵਸ਼ਰਨ ਸਿੰਘ, ਹਰਭਜਨ ਸਿੰਘ ਬਹੋਨਾ, ਪ੍ਰਿਤਪਾਲ ਸਿੰਘ ਗਿੱਲ ਅਤੇ ਸਾਥੀ ਵਿਜੇ ਕੁਮਾਰ ਹਾਜ਼ਰ ਸਨ।