ਅੰਤਰਰਾਸ਼ਟਰੀ ਜਲ ਦਿਵਸ ’ਤੇ ਰੈਲੀ ਕੱਢੀ
ਦਿਵਯ ਜਯੋਤੀ ਜਾਗਰਤੀ ਸੰਸਥਾਨ
Publish Date: Mon, 23 Mar 2026 03:39 PM (IST)
Updated Date: Tue, 24 Mar 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਵਿਚ ਵਾਤਾਵਰਨ ਦੀ ਸੰਭਾਲ ਪ੍ਰੋਜੈਕਟ ਦੇ ਤਹਿਤ ਅੰਤਰਰਾਸ਼ਟਰੀ ਜਲ ਦਿਵਸ ’ਤੇ ਵਿਸ਼ਾਲ ਰੈਲੀ ਕੱਢ ਕੇ ਸਮਾਜ ਨੂੰ ਬਹੁਤ ਵੱਡਾ ਜਾਗਰੂਕ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਾਧਵੀ ਪ੍ਰੀਤੀ ਭਾਰਤੀ ਨੇ ਜਲ ਸਰੋਤਾਂ ਦਾ ਜ਼ਿਕਰ ਕਰਦੇ ਕਿਹਾ ਕਿ ਪਾਣੀ ਬਚਾਓ, ਜੀਵਨ ਬਚਾਓ ਕਿਉਂਕਿ ਜਲ ਹੈ ਤਾਂ ਕੱਲ੍ਹ ਹੈ। ਉਨ੍ਹਾਂ ਕਿਹਾ ਕਿ ਪ੍ਰਕ੍ਰਿਤੀ ਨਹੀਂ ਤਾਂ ਪ੍ਰਗਤੀ ਨਹੀਂ। ਪਰੰਤੂ ਅੱਜ ਸਮਾਜ ਦੇ ਵਿਚ ਪਾਣੀ ਦੀ ਕੀਮਤ ਨੂੰ ਨਾ ਸਮਝਣ ਦੇ ਕਾਰਨ ਵਿਸ਼ਾ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਬਣਦਾ ਜਾ ਰਿਹਾ ਹੈ ਕਿਉਂਕਿ ਜਲ ਦਾ ਕਿਸ ਪ੍ਰਕਾਰ ਦੁਰ ਉਪਯੋਗ ਹੋ ਰਿਹਾ ਹੈ, ਲੋਕ ਇਸ ਗੱਲ ਨੂੰ ਭੁੱਲ ਗਏ ਹਨ ਕਿ ਜੀਵਨ ਜਿਉਣ ਲਈ ਪਾਣੀ ਬਹੁਤ ਹੀ ਜ਼ਰੂਰੀ ਹੈ। ਸਾਧਵੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਪੰਜ ਦਰਿਆਵਾਂ ਦਾ ਦੇਸ਼ ਪੰਜਾਬ ਅੱਜ ਗੰਭੀਰ ਜਲ ਸੰਕਟ ਦਾ ਸਾਹਮਣਾ ਕਰਨ ਦੇ ਲਈ ਬੇਵੱਸ ਹੋ ਰਿਹਾ ਹੈ। ਸਿਰਫ਼ ਪੰਜਾਬ ਹੀ ਨਹੀਂ ਭਾਰਤ ਦੇ ਵਿਚ ਜਲ ਸੰਕਟ ਦੀ ਬਹੁਤ ਹੀ ਗੰਭੀਰ ਸਥਿਤੀ ਉਤਪੰਨ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਕਸ਼ ਪ੍ਰਸ਼ਨ ਹੈ ਕਿ ਜੋ ਪਾਣੀ ਐਨਾ ਡੂੰਘਾ ਜਾ ਚੁੱਕਾ ਹੈ, ਉਸ ਨੂੰ ਅਸੀਂ ਕਿਵੇਂ ਉੱਪਰ ਉਠਾ ਸਕਦੇ ਹਾਂ। ਸਾਡੇ ਕੋਲ ਕੋਈ ਅਜਿਹਾ ਕਰਿਸ਼ਮਾ ਹੈ ਕਿ ਅਸੀਂ ਆਪਣੇ ਯਤਨਾਂ ਨਾਲ ਉੱਪਰ ਉਠਾ ਪਾਵਾਂਗੇ ਨਹੀਂ ਕਿਉਂਕਿ ਪਰਮਾਤਮਾ ਨੇ ਇਨਸਾਨ ਨੂੰ ਸਾਰੇ ਭੇਦ ਨਹੀਂ ਦਿੱਤੇ। ਜੇਕਰ ਦਿੱਤੇ ਹੁੰਦੇ ਤਾਂ ਸਦੀਆਂ ਤੋਂ ਪਹਿਲਾਂ ਹੀ ਇਨਸਾਨ ਇਸ ਧਰਤੀ ਨੂੰ ਮਾਰੂਥਲ ਬਣਾ ਚੁੱਕਾ ਹੁੰਦਾ। ਅੰਤ ਦੇ ਵਿਚ ਸਾਧਵੀ ਨੇ ਬੁਲੰਦ ਆਵਾਜ਼ ਦੇ ਵਿਚ ਸਮਝਾਉਂਦੇ ਹੋਏ ਕਿਹਾ ਕਿ ਜਲ ਸਰੋਤਾਂ ਵਿਚ ਜੋ ਪਾਣੀ ਸੁੱਕ ਰਿਹਾ ਅਤੇ ਗਹਿਰਾ ਹੁੰਦਾ ਜਾ ਰਿਹਾ ਹੈ ਕੰਟਰੋਲ ਕਰੀਏ ।ਕਿਉਂਕਿ ਬੂੰਦ ਬੂੰਦ ਦੇ ਨਾਲ ਹੀ ਸਾਗਰ ਭਰਦਾ ਹੈ। ਜੇਕਰ ਅਸੀਂ ਸਭ ਮਿਲ ਕੇ ਕੋਸ਼ਿਸ਼ ਕਰਾਂਗੇ ਤਾਂ ਹੀ ਪ੍ਰਕਿਰਤੀ ਅਤੇ ਧਰਤੀ ਮਾਂ ਦੀ ਪ੍ਰਸੰਨਤਾ ਨੂੰ ਪ੍ਰਾਪਤ ਕਰ ਸਕਦੇ ਹਾਂ। ਇਹ ਵਿਚਾਰ ਰਿਸ਼ੀਆਂ ਮੁਨੀਆਂ ਦੀ ਸੰਗਤ ਤੋਂ ਬਿਨ੍ਹਾਂ ਸੰਭਵ ਨਹੀਂ ਹੋ ਸਕਦਾ। ਇਸ ਲਈ ਬ੍ਰਹਮ ਨਿਸ਼ਠ ਗੁਰੂ ਦੀ ਸਿੱਖਿਆ ਅਤੇ ਦੀਕਸ਼ਾ ਨੂੰ ਪ੍ਰਾਪਤ ਕਰਕੇ ਸਾਰੇ ਮਿਲ ਕੇ ਸੰਕਲਪ ਧਾਰਨ ਕਰੀਏ ਕਿ ਅੱਜ ਤੋਂ ਬਾਅਦ ਅਸੀਂ ਸਾਰੇ ਪਾਣੀ ਬਚਾਓ ਵਿਚ ਆਪਣਾ ਯੋਗਦਾਨ ਪਾਵਾਂਗੇ। ਇਹੀ ਮਨੁੱਖਤਾ ਦੀ ਸਭ ਤੋਂ ਵੱਡੀ ਪਰਿਭਾਸ਼ਾ ਹੈ।