ਐੱਸਐੱਸਪੀ ਦਫ਼ਤਰ ਅੱਗੇ ਕਿਰਤੀ ਕਿਸਾਨ ਯੂਨੀਅਨ ਦਾ ਵਿਸ਼ਾਲ ਧਰਨਾ
ਕਿਰਤੀ ਕਿਸਾਨ ਯੂਨੀਅਨ ਵੱਲੋਂ ਐੱਸਐੱਸਪੀ
Publish Date: Tue, 17 Feb 2026 06:12 PM (IST)
Updated Date: Wed, 18 Feb 2026 04:10 AM (IST)

ਕੋਟ ਈਸੇ ਖਾਂ ਦੇ ਸਿੱਧ ਮੰਦਰ ਦੀ ਜ਼ਮੀਨ ’ਤੇ ਕਬਜ਼ੇ ਦੇ ਦੋਸ਼ਾਂ ਖ਼ਿਲਾਫ਼ ਉੱਠੀ ਆਵਾਜ਼, ਇਨਸਾਫ਼ ਨਾ ਮਿਲਿਆ ਤਾਂ ਜ਼ਿਲ੍ਹਾ ਪੱਧਰੀ ਸੰਘਰਸ਼ ਹੋਵੇਗਾ ਚਮਕੌਰ ਸਿੰਘ ਰੋਡੇ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਕਿਰਤੀ ਕਿਸਾਨ ਯੂਨੀਅਨ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਵੱਡੇ ਪੱਧਰ ’ਤੇ ਧਰਨਾ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਇਹ ਧਰਨਾ ਕੋਟ ਈਸੇ ਖਾਂ ਸਥਿਤ ਸਿੱਧ ਮੰਦਰ ਅਤੇ ਮੰਦਰ ਨਾਲ ਸਬੰਧਤ ਜ਼ਮੀਨ ’ਤੇ ਹੋਏ ਕਥਿਤ ਗੈਰਕਾਨੂੰਨੀ ਕਬਜ਼ੇ, ਪੁਜਾਰੀ ਦੀ ਬੇਦਖ਼ਲੀ ਅਤੇ ਮੰਦਰ ਦੇ ਸਮਾਨ ਦੀ ਚੋਰੀ ਦੇ ਮਾਮਲੇ ਨੂੰ ਲੈ ਕੇ ਲਗਾਇਆ ਗਿਆ। ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ ਨੇ ਕੀਤੀ ਜਦਕਿ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾਈ ਆਗੂ ਚਮਕੌਰ ਸਿੰਘ ਰੋਡੇ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਬਲਾਕ ਧਰਮਕੋਟ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਚੀਮਾ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਸੰਬੋਧਨ ਕਰਦਿਆਂ ਮਾਮਲੇ ਦੀ ਗੰਭੀਰ ’ਤੇ ਚਿੰਤਾ ਜਤਾਈ ਅਤੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕੋਟ ਈਸੇ ਖਾਂ ਦੇ ਸਿੱਧ ਮੰਦਰ ਦੇ ਪੁਜਾਰੀ ਮਹੰਤ ਗੋਬਿੰਦਪੁਰੀ ਨੂੰ ਸਿਆਸੀ ਸ਼ਹਿ ਅਤੇ ਪੁਲਿਸ ਦੀ ਪੁਸ਼ਤਪਨਾਹੀ ਨਾਲ ਭੂ ਮਾਫ਼ੀਆ ਵੱਲੋਂ ਮੰਦਰ ਤੋਂ ਬਾਹਰ ਕੱਢ ਦਿੱਤਾ ਗਿਆ। ਦੋਸ਼ ਲਗਾਇਆ ਗਿਆ ਕਿ ਸ਼ਮਸ਼ੇਰ ਸਿੰਘ ਸ਼ੇਰੇ ਨੇ ਮੰਦਰ ਦੀ ਜ਼ਮੀਨ ’ਤੇ ਗੈਰਕਾਨੂੰਨੀ ਕਬਜ਼ਾ ਕਰ ਲਿਆ ਜਦਕਿ ਕੋਟਕਪੂਰੇ ਦੇ ਗੋਪਾਲ ਨੰਦ ਨੇ ਪੁਜਾਰੀ ਨੂੰ ਮੰਦਰ ਤੋਂ ਬੇਦਖ਼ਲ ਕਰਕੇ ਮੰਦਰ ਦਾ ਕੀਮਤੀ ਸਾਮਾਨ ਅਤੇ ਵਾਹਨ ਵੀ ਗਾਇਬ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਇਕ ਵਿਅਕਤੀ ਦਾ ਮਾਮਲਾ ਨਹੀਂ ਸਗੋਂ ਧਾਰਮਿਕ ਸਥਾਨਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨਾਲ ਜੁੜਿਆ ਗੰਭੀਰ ਮਸਲਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਅਜਿਹੇ ਮਾਮਲੇ ਹੋਰ ਥਾਵਾਂ ’ਤੇ ਵੀ ਵਧ ਸਕਦੇ ਹਨ। ਧਰਨੇ ਦੇ ਦਬਾਅ ਹੇਠ ਐੱਸਪੀ (ਐੱਚ) ਸਨਦੀਪ ਸਿੰਘ ਮੰਡ ਵੱਲੋਂ ਜੱਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਮੰਦਰ ਨਾਲ ਸਬੰਧਤ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜਲਦ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਮੰਦਿਰ ਦੀ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਇਕ ਸੁਰ ਵਿਚ ਕਿਹਾ ਕਿ ਧਾਰਮਿਕ ਸਥਾਨਾਂ ਦੀ ਬੇਅਦਬੀ ਅਤੇ ਜ਼ਮੀਨਾਂ ’ਤੇ ਕਬਜ਼ਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਖ਼ਾਸ ਨੀਤੀ ਬਣਾਈ ਜਾਵੇ ਅਤੇ ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਥਾਵਾਂ ਦੀ ਜ਼ਮੀਨ ’ਤੇ ਹੋ ਰਹੇ ਗੈਰਕਾਨੂੰਨੀ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਸਮੇਂ ਸਿਰ ਕਦਮ ਨਾ ਚੁੱਕੇ ਤਾਂ ਲੋਕਾਂ ਵਿਚ ਰੋਸ ਹੋਰ ਵਧੇਗਾ। ਭਰੋਸੇ ਤੋਂ ਬਾਅਦ ਜੱਥੇਬੰਦੀ ਨੇ ਅਸਥਾਈ ਤੌਰ ’ਤੇ ਧਰਨਾ ਸਮਾਪਤ ਕੀਤਾ ਪਰ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਨਿਰਧਾਰਿਤ ਸਮੇਂ ਅੰਦਰ ਮਹੰਤ ਗੋਬਿੰਦਪੁਰੀ ਨੂੰ ਇਨਸਾਫ਼ ਨਾ ਮਿਲਿਆ ਤਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰ ’ਤੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਉਸ ਸੰਘਰਸ਼ ਦੀ ਪੂਰੀ ਜ਼ਿੰਮੇਵਾਰੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਸਮਾਜਿਕ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਨਾਜਰ ਸਿੰਘ, ਤੀਰਥ ਸਿੰਘ, ਮੋਹਨ ਸਿੰਘ, ਮੁਖਤਿਆਰ ਸਿੰਘ, ਬੂਟਾ ਸਿੰਘ, ਬਲਕਰਨ ਸਿੰਘ, ਕੁਲਜੀਤ ਸਿੰਘ, ਸਾਰਜ ਸਿੰਘ ਅਤੇ ਅਵਤਾਰ ਸਿੰਘ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।