- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਅੰਤਰਰਾਸ਼ਟਰੀ ਪੱਧਰ

ਏਆਈ ਸਮਿਟ ਦੌਰਾਨ ਕਾਂਗਰਸ ਵੱਲੋਂ ਕੀਤੇ ਹੰਗਾਮੇ ਖ਼ਿਲਾਫ਼ ਪ੍ਰਦਰਸ਼ਨ
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਮੋਗਾ ਅੰਤਰਰਾਸ਼ਟਰੀ ਪੱਧਰ ਦੇ ਏਆਈ ਸਮਿਟ ਦੌਰਾਨ ਕਾਂਗਰਸ ਵੱਲੋਂ ਕੀਤੇ ਗਏ ਹੰਗਾਮੇ ਦੇ ਵਿਰੋਧ ਵਿਚ ਮੋਗਾ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਭਾਜਪਾ ਮਹਿਲਾ ਮੋਰਚਾ ਵੱਲੋਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਮਹਿਲਾ ਆਗੂਆਂ ਅਤੇ ਕਾਰਕੁਨਾਂ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਉਸ ਦਾ ਪੁਤਲਾ ਫੂਕਿਆ ਅਤੇ ਕਾਂਗਰਸ ਪਾਰਟੀ ਦੇ ਰਵੱਈਏ ਦੀ ਕੜੀ ਨਿੰਦਾ ਕੀਤੀ। ਇਸ ਮੌਕੇ ਪ੍ਰਦੇਸ਼ ਮਹਿਲਾ ਮੋਰਚਾ ਦੀ ਉੱਪ ਪ੍ਰਧਾਨ ਮਨਿੰਦਰ ਕੌਰ ਅਤੇ ਆਗੂ ਕਮਲਜੀਤ ਕੌਰ ਧੱਲੇਕੇ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੇ ਏਆਈ ਸਮਿਟ ਵਰਗੇ ਮਹੱਤਵਪੂਰਨ ਮੰਚ ’ਤੇ ਹੰਗਾਮਾ ਕਰਨਾ ਦੇਸ਼ ਦੀ ਮਰਯਾਦਾ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਵਹਾਰ ਨਾਲ ਭਾਰਤ ਦੀ ਵਿਸ਼ਵ ਪੱਧਰੀ ਛਵੀ ਨੂੰ ਠੇਸ ਪਹੁੰਚਦੀ ਹੈ ਅਤੇ ਵਿਦੇਸ਼ਾਂ ਵਿਚ ਗਲਤ ਸੰਦੇਸ਼ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਵੇਲੇ ਤਕਨੀਕੀ ਖੇਤਰ ਵਿਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਏਆਈ ਵਰਗੀਆਂ ਆਧੁਨਿਕ ਤਕਨੀਕਾਂ ਦੇ ਮਾਧਿਅਮ ਨਾਲ ਦੇਸ਼ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਅਜਿਹੇ ਸਮੇਂ ਵਿਚ ਰਾਜਨੀਤਿਕ ਲਾਭ ਲਈ ਮਹੱਤਵਪੂਰਨ ਮੰਚਾਂ ਨੂੰ ਵਿਵਾਦਿਤ ਬਣਾਉਣਾ ਦੇਸ਼ ਹਿਤਾਂ ਦੇ ਖ਼ਿਲਾਫ਼ ਹੈ। ਮਹਿਲਾ ਮੋਰਚਾ ਦੀਆਂ ਆਗੂਆਂ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਮਾਣ ਸਨਮਾਨ ਸਭ ਤੋਂ ਉੱਪਰ ਹਨ ਅਤੇ ਕੋਈ ਵੀ ਰਾਜਨੀਤਿਕ ਪਾਰਟੀ ਆਪਣੇ ਸਵਾਰਥ ਲਈ ਇਨ੍ਹਾਂ ਮੁੱਲਾਂ ਨਾਲ ਖੇਡ ਨਹੀਂ ਸਕਦੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਇਕ ਅਹਿਮ ਮੰਚ ਨੂੰ ਵਿਵਾਦ ਦਾ ਰੂਪ ਦੇ ਕੇ ਰਾਜਨੀਤਿਕ ਫ਼ਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਮੰਗ ਕੀਤੀ ਕਿ ਉਹ ਆਪਣੇ ਵਿਵਹਾਰ ਲਈ ਦੇਸ਼ਵਾਸੀਆਂ ਤੋਂ ਸਰਵਜਨਿਕ ਮਾਫ਼ੀ ਮੰਗੇ। ਨਾਲ ਹੀ ਚੇਤਾਵਨੀ ਦਿੱਤੀ ਕਿ ਜੇ ਭਵਿੱਖ ਵਿਚ ਇਸ ਤਰ੍ਹਾਂ ਦੇ ਕਦਮ ਦੁਹਰਾਏ ਗਏ ਤਾਂ ਭਾਜਪਾ ਵੱਲੋਂ ਹੋਰ ਵੀ ਤਿੱਖਾ ਅਤੇ ਵਿਆਪਕ ਵਿਰੋਧ ਕੀਤਾ ਜਾਵੇਗਾ। ਪ੍ਰਦਰਸ਼ਨ ਦੌਰਾਨ ਮਹਿਲਾਵਾਂ ਵਿਚ ਖ਼ਾਸਾ ਰੋਸ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਦੇਸ਼ ਵਿਰੋਧੀ ਰਾਜਨੀਤੀ ਬੰਦ ਕਰੋ ਅਤੇ ਭਾਰਤ ਦੀ ਛਵੀ ਨਾਲ ਖੇਡ ਬਰਦਾਸ਼ਤ ਨਹੀਂ ਵਰਗੇ ਨਾਅਰੇ ਲਗਾਏ। ਪੁਤਲਾ ਦਾਹ ਸਮੇਂ ਇਲਾਕਾ ਨਾਅਰੇਬਾਜ਼ੀ ਨਾਲ ਗੂੰਜ ਉਠਿਆ ਅਤੇ ਮਹਿਲਾਵਾਂ ਨੇ ਇਕਜੁੱਟਤਾ ਦਾ ਪ੍ਰਦਰਸ਼ਨ ਕਰਦੇ ਹੋਏ ਕੜਾ ਸੰਦੇਸ਼ ਦਿੱਤਾ ਕਿ ਦੇਸ਼ ਦੇ ਮਾਣ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਅਮਨਦੀਪ ਕੌਰ ਲੰਢੇਕੇ, ਸੰਦੀਪ ਕੌਰ, ਚਰਨਜੀਤ ਕੌਰ, ਲਖਵਿੰਦਰ ਕੌਰ ਰਾਣੀ, ਪ੍ਰੀਤੀ ਕੌਰ, ਕਿਰਨ, ਮੁਸਕਾਨ, ਸੁਖਜੀਤ ਕੌਰ, ਤਜਿੰਦਰ ਕੌਰ, ਮਲਕੀਤ ਕੌਰ, ਪਰਮਜੀਤ ਕੌਰ, ਸਵਰਨ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਰੂਬੀ, ਬਲਜਿੰਦਰ ਕੌਰ, ਸਰਬਜੀਤ ਕੌਰ, ਰਾਜਵਿੰਦਰ ਕੌਰ, ਰਣਜੀਤ ਕੌਰ, ਰਜਨੀ, ਕਾਜਲ, ਮਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਮਹਿਲਾ ਮੋਰਚਾ ਦੀਆਂ ਆਗੂਆਂ ਅਤੇ ਕਾਰਕੁਨਾਂ ਨੇ ਭਾਗ ਲਿਆ। ਉਨ੍ਹਾਂ ਨੇ ਇਕਸੁਰ ਹੋ ਕੇ ਕਿਹਾ ਕਿ ਦੇਸ਼ ਦੇ ਮਾਣ ਅਤੇ ਤਰੱਕੀ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।