ਦਸਮੇਸ਼ ਸਕੂਲ ਬਿਲਾਸਪੁਰ 'ਚ ਸ਼ਹੀਦੀ ਦਿਹਾੜਾ ਮਨਾਇਆ
23 ਮਾਰਚ 1931 ਨੂੰ ਸ਼ਹੀਦ
Publish Date: Sun, 22 Mar 2026 03:29 PM (IST)
Updated Date: Mon, 23 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: 23 ਮਾਰਚ 1931 ਨੂੰ ਸ਼ਹੀਦ ਹੋਏ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਉਤਸ਼ਾਹ ਪੂਰਵਕ ਮਨਾਇਆ ਗਿਆ। ਸਮਾਗਮ ਦਾ ਆਗਾਜ਼ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਸਟਾਫ਼ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਫ਼ੁੱਲ ਅਰਪਿਤ ਕਰਕੇ ਕੀਤਾ। ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਨੂੰ ਮੁਖਾਤਿਬ ਹੁੰਦਿਆਂ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਸ਼ਹੀਦ ਕੌਮ ਦਾ ਸੁੱਚਾ ਸਰਮਾਇਆ ਹੋਇਆ ਕਰਦੇ ਹਨ। ਸ਼ਹੀਦ ਸਾਡੇ ਅਸਲ ਨਾਇਕ ਹਨ ਜਿਨ੍ਹਾਂ ਨੇ ਆਪਾ ਨਿਛਾਵਰ ਕਰਕੇ ਦੇਸ਼ ਤੋਂ ਬਾਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਉਖੇੜ ਸੁੱਟੀਆਂ। ਸਾਨੂੰ ਇਨ੍ਹਾਂ ਦੇ ਜੀਵਨ ਸੰਗਰਾਮ ਅਤੇ ਆਦਰਸ਼ਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਸਮਾਜਿਕ ਅਤੇ ਆਰਥਿਕ ਬਰਾਬਰੀ ਵਾਲਾ ਨਿਜਾਮ ਸਿਰਜਣ ਲਈ ਸ਼ਹਾਦਤਾਂ ਦਾ ਜਾਮ ਪੀਤਾ ਸੀ ਪਰ ਉਨ੍ਹਾਂ ਦੇ ਸੁਪਨੇ ਅਜੇ ਅਧੂਰੇ ਹਨ। ਨੌਜਵਾਨ ਵਰਗ ਨੂੰ ਉਨ੍ਹਾਂ ਦੀ ਵਿਚਾਰਧਾਰਾ ਤੋਂ ਸੇਧ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵਾਈਸ ਪ੍ਰਿੰਸੀਪਲ ਮੈਡਮ ਮੀਨਾ ਜੈਨ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਦਾ ਚੰਗੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸਨ। ਨੌਜਵਾਨਾਂ ਨੂੰ ਚੰਗੀਆਂ ਪੁਸਤਕਾਂ ਪੜ੍ਹਣੀਆਂ ਚਾਹੀਦੀਆਂ ਹਨ। ਇਹੋ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਆਪਣੀ ਊਰਜਾ ਸਮਾਜ ਅਤੇ ਰਾਸ਼ਟਰ ਦੀ ਬੇਹਤਰੀ ਲਈ ਲਗਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੁਜੱਗ ਨੌਜਵਾਨ ਹੀ ਸ਼ਹੀਦਾਂ ਦੇ ਸੱਚੇ ਵਾਰਿਸ ਅਖਵਾਉਣ ਦੇ ਹੱਕਦਾਰ ਹਨ। ਇਸ ਸਮੇਂ ਹਰਪ੍ਰੀਤ ਕੌਰ, ਤਰਸੇਮਪਾਲ ਕੌਰ, ਰੁਪਿੰਦਰ ਕੌਰ, ਗੁਰਵਿੰਦਰ ਕੌਰ, ਸਰਬਜੀਤ ਕੌਰ, ਸੁਨਿਧੀ ਮਿੱਤਲ, ਮਨਪ੍ਰੀਤ ਕੌਰ, ਇੰਦਰਜੀਤ ਕੌਰ, ਬਲਜੀਤ ਕੌਰ ਅਤੇ ਅਰਵਿੰਦਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।