ਹੋਲੀ ਹਾਰਟ ਸਕੂਲ ’ਚ ਸ਼ਹੀਦੀ ਦਿਵਸ ਮਨਾਇਆ
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ
Publish Date: Mon, 23 Mar 2026 05:47 PM (IST)
Updated Date: Tue, 24 Mar 2026 04:05 AM (IST)

ਅਵਤਾਰ ਸਿੰਘ, ਪੰਜਾਬੀ ਜਾਗਰਣ, ਅਜੀਤਵਾਲ: ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਅੱਜ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਦਿਵਸ ਬੜੀ ਹੀ ਸ਼ਰਧਾ, ਭਾਵਨਾ ਅਤੇ ਸਨਮਾਨ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ ਯਾਦ ਕੀਤਾ ਗਿਆ। ਕਾਰਜਕ੍ਰਮ ਦੀ ਸ਼ੁਰੂਆਤ ਸਕੂਲ ਦੇ ਪ੍ਰਾਰਥਨਾ ਹਾਲ ਵਿਚ ਕੀਤੀ ਗਈ, ਜਿੱਥੇ ਸਭ ਤੋਂ ਪਹਿਲਾਂ ਪ੍ਰਾਰਥਨਾ ਰਾਹੀਂ ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਨਾਲ ਭਰਪੂਰ ਗੀਤ, ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ। ਬੱਚਿਆਂ ਨੇ ਆਪਣੇ ਵਿਚਾਰਾਂ ਰਾਹੀਂ ਦੱਸਿਆ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦੀ ਦਾ ਸੁੱਖ ਮਾਣ ਰਹੇ ਹਨ। ਇਸ ਮੌਕੇ ਬੱਚਿਆਂ ਵਿਚ ਦੇਸ਼ ਪ੍ਰੇਮ, ਨੈਤਿਕ ਮੁੱਲਾਂ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ। ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਸ਼੍ਰੈਆ ਪਲਤਾ ਅਤੇ ਸਕੂਲ ਪ੍ਰਿੰਸੀਪਲ ਸ਼ਾਕਸ਼ੀ ਗੁਲੇਰੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਇਸ ਮੌਕੇ ਇਕ ਮਿੰਟ ਦਾ ਮੌਨ ਰੱਖ ਕੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ। ਸਮੂਹ ਕਾਰਜਕ੍ਰਮ ਬੜੀ ਹੀ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ ਅਤੇ ਇਸ ਨੇ ਵਿਦਿਆਰਥੀਆਂ ਦੇ ਦਿਲਾਂ ਵਿਚ ਦੇਸ਼ ਪ੍ਰੇਮ ਅਤੇ ਸ਼ਹੀਦਾਂ ਲਈ ਸਤਿਕਾਰ ਦੀ ਭਾਵਨਾ ਨੂੰ ਹੋਰ ਵੀ ਗਹਿਰਾ ਕੀਤਾ।