- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਬਾਦਲ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਬਹੁਤ ਵੱਡੀ ਸਫ਼ਲਤਾ ਅਤੇ ਮਜ਼ਬੂਤੀ ਹਾਸਲ ਹੋਈ ਜਦੋਂ ਵਿਕਾਸ ਦੇ ਮਸੀਹਾ ਜਾਣੇ ਜਾਂਦੇ ਟਕਸਾਲੀ ਅਕਾਲੀ ਸਵਰਗਵਾਸੀ ਜਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਦੇ ਪਰਿਵਾਰਕ ਸਿਆਸੀ ਵਾਰਿਸ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਜ਼ਿਲ੍ਹੇ ਦੇ ਟਕਸਾਲੀ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਸਹਿਮਤੀ ਨਾਲ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਏ। ਇਹ ਵਿਚਾਰ ਮਹਾਨ ਸੁਤੰਤਰਤਾ ਸੰਗਰਾਮੀ ਤੇ ਟਕਸਾਲੀ ਅਕਾਲੀ ਪਰਿਵਾਰ ਸੰਤ ਬਾਬਾ ਕਿਰਪਾਲ ਸਿੰਘ ਅਤੇ ਬਾਬਾ ਬਲਵੰਤ ਸਿੰਘ ਰੋਡਿਆਂ ਵਾਲਿਆਂ ਦੇ ਪੋਤਰੇ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਕਸਾਲੀ ਅਕਾਲੀ ਆਗੂ ਅਤੇ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਉਰਫ਼ ਮੱਖਣ ਬਰਾੜ ਵੱਲੋਂ ਦੁਬਾਰਾ ਆਪਣੇ ਪੁਰਖ਼ਿਆਂ ਦੀਆਂ ਕੁਰਬਾਨੀਆਂ ਨਾਲ ਬਣਾਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਨਾਲ ਇਕੱਲੇ ਮੋਗਾ ਜ਼ਿਲ੍ਹੇ ਵਿਚ ਹੀ ਨਹੀਂ, ਸਗੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ ਜਥੇਦਾਰ ਤੋਤਾ ਸਿੰਘ ਨੇ ਸਮੁੱਚੇ ਪੰਜਾਬ ਦੇ ਅਹਿਮ ਮੁੱਦਿਆਂ, ਸਾਂਝੇ ਵਿਕਾਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਕਿਹਾ ਕਰਦੇ ਸਨ ਕਿ ਜਥੇਦਾਰ ਤੋਤਾ ਸਿੰਘ ਇਕ ਰੌਸ਼ਨ ਦਿਮਾਗ਼ ਸ਼ਖ਼ਸੀਅਤ ਹਨ ਅਤੇ ਜਦੋਂ ਅਕਾਲੀ ਦਲ ਦਾ ਸਿਆਸੀ ਗੱਡਾ ਦਲਦਲ ਵਿਚ ਫਸ ਜਾਂਦਾ ਤਾਂ ਉਸ ਸਮੇਂ ਜਥੇਦਾਰ ਤੋਤਾ ਸਿੰਘ ਦੀ ਕਾਬਲੀਅਤ ਅਤੇ ਦਿਸ਼ਾ ਮੁਤਾਬਿਕ ਮਸਲਾ ਹੱਲ ਕੀਤਾ ਜਾਂਦਾ ਸੀ। ਡਾ. ਬਰਾੜ ਨੇ ਕਿਹਾ ਕਿ ਉਨ੍ਹਾਂ ਦੇ ਹਮਾਇਤੀ ਸਮੁੱਚੇ ਪੰਜਾਬ ਵਿਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿਚ ਭਾਵ ਵਿਦੇਸ਼ਾਂ ਵਿਚ ਵੀ ਵੱਸਦੇ ਹਨ। ਜਥੇਦਾਰ ਤੋਤਾ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਹਮੇਸ਼ਾ ਸਮੁੱਚੇ ਪੰਥ, ਸਮਾਜ ਅਤੇ ਵਿਸੇਸ਼ ਤੌਰ ’ਤੇ ਟਕਸਾਲੀ ਅਕਾਲੀ ਵਰਕਰਾਂ ਅਤੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ੳਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਹਰ ਖੇਤਰ ਵਿਚ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸਮਾਜ ਵਿਚ ਰਹਿੰਦੇ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਮੱਦਦ ਕੀਤੀ। ਲੋਕ ਅੱਜ ਵੀ ਉਨ੍ਹਾਂ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਵੱਲੋਂ ਮੋਗਾ ਜ਼ਿਲ੍ਹੇ ਅਤੇ ਧਰਮਕੋਟ ਹਲਕੇ ਦੇ ਵਿਕਾਸ ਨੂੰ ਸਮਰਪਿਤ ਹੋ ਕੇ ਕੀਤੇ ਕੰਮਾਂ ਦੀ ਸ਼ਲਾਘਾ ਆਮ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਤੇ ਪੰਥਕ ਪਰਿਵਾਰ ਹੋਣ ਕਰਕੇ ਕਾਹਲ਼ੇਪਣ ਵਿਚ ਪਾਰਟੀ ਛੱਡਣ ਦਾ ਮੱਖਣ ਬਰਾੜ ਨੂੰ ਸਮੇਂ ਸਿਰ ਅਹਿਸਾਸ ਹੋਇਆ ਤਾਂ ਉਨ੍ਹਾਂ ਦੇ ਦੁਆਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਦੇ ਸੁਭਚਿੰਤਕਾਂ ਵਿਚ ਵੀ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਆਉਣ ਨਾਲ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਹੋਈ ਹੈ। ਡਾ. ਬਰਾੜ ਨੇ ਕਿਹਾ ਕਿ ਉਹ ਵਿਕਾਸ ਦੇ ਮਸੀਹਾ ਜਥੇਦਾਰ ਤੋਤਾ ਸਿੰਘ ਦੇ ਪਰਿਵਾਰਕ ਵਾਰਿਸ ਨੌਜਵਾਨ ਆਗੂ ਮੱਖਣ ਬਰਾੜ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ਲਈ ਦ੍ਰਿੜ ਇਰਾਦੇ ਅਤੇ ਤਨਦੇਹੀ ਨਾਲ ਯਤਨਸ਼ੀਲ ਰਹਿਣਗੇ।