ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਮੱਖਣ ਬਰਾੜ ਦਾ ਕੀਤਾ ਸਵਾਗਤ
ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ
Publish Date: Mon, 13 Apr 2026 04:06 PM (IST)
Updated Date: Tue, 14 Apr 2026 04:01 AM (IST)

ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋਣ ਦਾ ਦਿੱਤਾ ਸੱਦਾ ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ: ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਵਾਪਸੀ ਉਪਰੰਤ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਸਰਕਲ ਫਤਹਿਗੜ੍ਹ ਪੰਜਤੂਰ ਦੇ ਗੁਰਦੁਆਰਾ ਤੇਗ ਸਰ ਵਿਖੇ ਪਹੁੰਚਣ ’ਤੇ ਪੁਰਾਣੇ ਅਕਾਲੀ ਵਰਕਰਾਂ ਵੱਲੋਂ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ ਨੇ ਸ਼ਿਰਕਤ ਕੀਤੀ ਅਤੇ ਮੱਖਣ ਬਰਾੜ ਨੂੰ ਆਪਣੀ ਮਾਂ ਪਾਰਟੀ ਵਿਚ ਵਾਪਸੀ ’ਤੇ ਜੀ ਆਇਆਂ ਕਿਹਾ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਹ ਮੀਟਿੰਗ ਸਰਕਲ ਪ੍ਰਧਾਨ ਬਲਜੀਤ ਸਿੰਘ ਕੰਗ ਅਤੇ ਟਕਸਾਲੀ ਆਗੂ ਸਾਬਕਾ ਚੇਅਰਮੈਨ ਜਗਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਅਤੇ ਵਰਕਰਾਂ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ ਗਿਆ। ਵਰਕਰਾਂ ਨੇ ਕਿਹਾ ਕਿ ਮੱਖਣ ਬਰਾੜ ਦੀ ਵਾਪਸੀ ਨਾਲ ਹਲਕੇ ਵਿਚ ਪਾਰਟੀ ਨੂੰ ਨਵੀਂ ਤਾਕਤ ਮਿਲੇਗੀ ਅਤੇ ਪੁਰਾਣੇ ਵਰਕਰਾਂ ਵਿਚ ਨਵਾਂ ਜੋਸ਼ ਪੈਦਾ ਹੋਇਆ ਹੈ। ਮੀਟਿੰਗ ਵਿਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰ ਪਿੰਡ ਅਤੇ ਵਾਰਡ ਵਿਚ ਮੀਟਿੰਗਾਂ ਕਰਕੇ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇਗਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਸਰਕਲ ਪ੍ਰਧਾਨ ਬਲਜੀਤ ਸਿੰਘ ਕੰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇ ਸਾਰੇ ਵਰਕਰ ਮਿਲਜੁਲ ਕੇ ਮਿਹਨਤ ਕਰਨ ਤਾਂ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡੀ ਜਿੱਤ ਮਿਲ ਸਕਦੀ ਹੈ। ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭੇਦਭਾਵ ਭੁਲਾ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ। ਇਸ ਮੌਕੇ ਸਾਬਕਾ ਚੇਅਰਮੈਨ ਜਗਿੰਦਰ ਸਿੰਘ ਸੰਧੂ ਨੇ ਵੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦਾ ਅਸਲੀ ਬਲ ਉਸਦੇ ਜ਼ਮੀਨੀ ਵਰਕਰ ਹਨ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਹੇ ਮੁਖਤਿਆਰ ਸਿੰਘ ਰਾਜਾਂਵਾਲਾ ਦੇ ਸਪੁੱਤਰ ਪਰਗਟ ਸਿੰਘ, ਬਲਕਾਰ ਸਿੰਘ ਵਿਰਕ ਮੰਦਰ, ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਸੁੱਖਾ ਸਿੰਘ, ਮੇਜਰ ਸਿੰਘ ਤਲਵੰਡੀ ਨੌ ਬਹਾਰ ਅਤੇ ਬਿੱਕਰ ਸਿੰਘ ਆਦਿ ਸੈਂਕੜੇ ਵਰਕਰ ਹਾਜ਼ਰ ਸਨ। ਇਸ ਦੌਰਾਨ ਮੱਖਣ ਬਰਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਰਹੇ ਹਨ ਅਤੇ ਅੱਗੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ’ਤੇ ਡਟ ਕੇ ਪਹਿਰਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਉਹ ਦਿਨ-ਰਾਤ ਮਿਹਨਤ ਕਰਨਗੇ ਅਤੇ ਵਰਕਰਾਂ ਦੇ ਭਰੋਸੇ ‘ਤੇ ਖਰੇ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਆਪਣੇ ਪਿਤਾ ਸਵਰਗੀ ਜਥੇਦਾਰ ਤੋਤਾ ਸਿੰਘ ਦੇ ਅਧੂਰੇ ਸੁਪਨੇ ਪੂਰੇ ਕਰਨਗੇ।