ਮੋਗਾ ਪੁਲਿਸ ਦੀ ਵੱਡੀ ਕਾਰਵਾਈ: 5 ਪਿਸਤੌਲ, 4 ਮੈਗਜ਼ੀਨ ਤੇ 10 ਜ਼ਿੰਦਾ ਕਾਰਤੂਸਾਂ ਸਮੇਤ ਦੋ ਕਾਬੂ
ਐੱਸ.ਐੱਸ.ਪੀ. ਮੋਗਾ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ.ਪੀ.(ਐੱਚ) ਸੰਦੀਪ ਸਿੰਘ ਮੰਡ, ਐੱਸ.ਪੀ.(ਆਈ) ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀ.ਐੱਸ.ਪੀ.(ਡੀ) ਸੁਖਅੰਮ੍ਰਿਤ ਸਿੰਘ ਦੀ ਅਗਵਾਈ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸੀ.ਆਈ.ਏ. ਸਟਾਫ ਮੋਗਾ ਦੀ ਪੁਲਿਸ ਪਾਰਟੀ ਨੇ ਇੰਚਾਰਜ ਦਲਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਪੰਜ ਪਿਸਤੌਲ, ਚਾਰ ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
Publish Date: Sat, 11 Apr 2026 02:52 PM (IST)
Updated Date: Sat, 11 Apr 2026 02:54 PM (IST)

ਮੋਗਾ: ਐੱਸ.ਐੱਸ.ਪੀ. ਮੋਗਾ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ.ਪੀ.(ਐੱਚ) ਸੰਦੀਪ ਸਿੰਘ ਮੰਡ, ਐੱਸ.ਪੀ.(ਆਈ) ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀ.ਐੱਸ.ਪੀ.(ਡੀ) ਸੁਖਅੰਮ੍ਰਿਤ ਸਿੰਘ ਦੀ ਅਗਵਾਈ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸੀ.ਆਈ.ਏ. ਸਟਾਫ ਮੋਗਾ ਦੀ ਪੁਲਿਸ ਪਾਰਟੀ ਨੇ ਇੰਚਾਰਜ ਦਲਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਪੰਜ ਪਿਸਤੌਲ, ਚਾਰ ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਐੱਸ.ਐੱਸ.ਪੀ. ਅਜੇ ਗਾਂਧੀ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮੋਗਾ ਦੇ ਏ.ਐੱਸ.ਆਈ. ਲਵਜੀਤ ਸਿੰਘ ਪੁਲਿਸ ਪਾਰਟੀ ਸਮੇਤ ਡਗਰੂ ਰੇਲਵੇ ਫਾਟਕ ਨੇੜੇ ਗਸ਼ਤ 'ਤੇ ਸਨ। ਇਸ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਅਕਾਸ਼ਦੀਪ ਸਿੰਘ ਉਰਫ ਨਿੱਕੂ (ਨਿਵਾਸੀ ਪਿੰਡ ਦੌਲਤਪੁਰਾ ਨੀਵਾਂ, ਮੋਗਾ) ਅਤੇ ਜਸਵਿੰਦਰ ਸਿੰਘ ਉਰਫ ਲਿਆਕਤ (ਨਿਵਾਸੀ ਬਸਤੀ ਮਾਛੀਆਂ, ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ), ਜੋ ਕਿ ਨਾਜਾਇਜ਼ ਹਥਿਆਰਾਂ ਸਮੇਤ ਕਿਸੇ ਵਾਰਦਾਤ ਦੀ ਫਿਰਾਕ ਵਿੱਚ ਹਨ, ਇੱਕ ਇਨੋਵਾ ਗੱਡੀ 'ਤੇ ਸਵਾਰ ਹੋ ਕੇ ਡਗਰੂ ਫਾਟਕ ਤੋਂ ਪਿੰਡ ਸੱਦਾ ਸਿੰਘ ਵਾਲਾ ਨੂੰ ਜਾਂਦੀ ਲਿੰਕ ਰੋਡ 'ਤੇ ਸੇਮ ਨਾਲੇ ਦੀ ਪਟੜੀ ਕੋਲ ਖੜ੍ਹੇ ਕਿਸੇ ਦਾ ਇੰਤਜ਼ਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਹ ਭਗੌੜੇ ਚੱਲ ਰਹੇ ਸਨ।
ਬਰਾਮਦ ਕੀਤੇ ਗਏ ਹਥਿਆਰ
ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਹੇਠ ਲਿਖੇ ਹਥਿਆਰ ਬਰਾਮਦ ਹੋਏ:
30 ਬੋਰ ਪਿਸਤੌਲ (ਮੈਗਜ਼ੀਨ ਸਮੇਤ)
ਇੱਕ ਦੇਸੀ ਪਿਸਤੌਲ 30 ਬੋਰ (ਮੈਗਜ਼ੀਨ ਅਤੇ 4 ਜ਼ਿੰਦਾ ਕਾਰਤੂਸਾਂ ਸਮੇਤ)
ਇੱਕ ਦੇਸੀ ਪਿਸਤੌਲ 32 ਬੋਰ (ਮੈਗਜ਼ੀਨ ਅਤੇ 4 ਜ਼ਿੰਦਾ ਕਾਰਤੂਸਾਂ ਸਮੇਤ)
ਇੱਕ ਦੇਸੀ ਕੱਟਾ 315 ਬੋਰ (2 ਜ਼ਿੰਦਾ ਕਾਰਤੂਸਾਂ ਸਮੇਤ)
ਇੱਕ ਇਨੋਵਾ ਗੱਡੀ
ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ:
ਪੁਲਿਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ:
ਅਕਾਸ਼ਦੀਪ ਸਿੰਘ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਵੱਖ-ਵੱਖ 11 ਮਾਮਲੇ ਦਰਜ ਹਨ।
ਉਹ 29 ਸਤੰਬਰ 2025 ਨੂੰ ਥਾਣਾ ਸਿਟੀ ਜ਼ੀਰਾ ਵਿੱਚ 20 ਕਿੱਲੋ ਗਾਂਜੇ ਦੇ ਕੇਸ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ, 25 ਸਤੰਬਰ 2025 ਨੂੰ ਪੁਲਿਸ ਸਟੇਸ਼ਨ ਜ਼ੀਰਾ ਵਿੱਚ 2 ਕਿੱਲੋ ਹੈਰੋਇਨ ਅਤੇ ਦੋ ਪਿਸਤੌਲਾਂ ਦੇ ਮਾਮਲੇ ਵਿੱਚ ਵੀ ਉਹ ਭਗੌੜਾ ਸੀ।
ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਬਰਾਮਦ ਕੀਤੇ ਗਏ ਨਾਜਾਇਜ਼ ਹਥਿਆਰਾਂ ਦੇ ਸਰੋਤ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ।