ਪਰਵਾਸੀ ਮਜ਼ਦੂਰਾਂ ’ਤੇ ਅਣਪਛਾਤਿਆਂ ਨੇ ਚਲਾਈਆਂ ਗੋਲ਼ੀਆਂ, ਦੋ ਗੰਭੀਰ ਜ਼ਖ਼ਮੀ
ਮੋਗਾ ਸ਼ਹਿਰ ਵਿਚ ਕਾਨੂੰਨ ਵਿਵਸਥਾ
Publish Date: Tue, 10 Feb 2026 06:41 PM (IST)
Updated Date: Tue, 10 Feb 2026 06:44 PM (IST)

ਵਕੀਲ ਮਹਿਰੋਂ , ਪੰਜਾਬੀ ਜਾਗਰਣ ਮੋਗਾ: ਮੋਗਾ ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਇਕ ਵਾਰ ਫਿਰ ਗੰਭੀਰ ਚਿੰਤਾ ਸਾਹਮਣੇ ਆਈ ਹੈ। ਜ਼ੀਰਾ ਰੋਡ ਸਥਿਤ ਪਾਰਸ ਮਸਾਲਾ ਫ਼ੈਕਟਰੀ ਦੇ ਨੇੜੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੀ ਘਟਨਾ ਨੇ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਅਣਪਛਾਤੇ ਬਾਈਕ ਸਕੂਟਰੀ ਸਵਾਰ ਨੌਜਵਾਨਾਂ ਵੱਲੋਂ ਕੀਤੀ ਗਈ ਇਸ ਫਾਇਰਿੰਗ ਵਿਚ ਦੋ ਪਰਵਾਸੀ ਮਜ਼ਦੂਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫ਼ੈਕਟਰੀਆਂ ਵਿਚ ਪੱਲੇਦਾਰੀ ਅਤੇ ਲੇਬਰ ਦਾ ਕੰਮ ਕਰਨ ਵਾਲੇ ਕੁੱਝ ਪਰਵਾਸੀ ਮਜ਼ਦੂਰ ਰੋਟੀ ਖਾਣ ਤੋਂ ਬਾਅਦ ਆਪਣੇ ਕਵਾਟਰਾਂ ਵੱਲ ਜਾ ਰਹੇ ਸਨ। ਇਸ ਦੌਰਾਨ ਅਚਾਨਕ ਤਿੰਨ ਅਣਪਛਾਤੇ ਨੌਜਵਾਨ ਬਾਈਕ ਜਾਂ ਸਕੂਟਰੀ ’ਤੇ ਸਵਾਰ ਹੋ ਕੇ ਮੌਕੇ ’ਤੇ ਪਹੁੰਚੇ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਮਜ਼ਦੂਰਾਂ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਫਾਇਰਿੰਗ ਦੌਰਾਨ ਦੋ ਮਜ਼ਦੂਰਾਂ ਦੇ ਪੈਰਾਂ ਵਿਚ ਗੋਲ਼ੀਆਂ ਲੱਗੀਆਂ, ਜਿਸ ਕਾਰਨ ਉਹ ਥਾਂ ’ਤੇ ਹੀ ਡਿੱਗ ਪਏ। ਜ਼ਖ਼ਮੀ ਮਜ਼ਦੂਰਾਂ ਦੀ ਪਛਾਣ ਅਸ਼ੋਕ ਕੁਮਾਰ ਅਤੇ ਸਬੋਧ ਵਜੋਂ ਹੋਈ ਹੈ, ਜੋ ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਨੇੜਲੇ ਸ਼ੈਲਰ ਵਿਚ ਲੇਬਰ ਦਾ ਕੰਮ ਕਰਦਾ ਹੈ ਅਤੇ ਉਸਦੀ ਇਕ ਲੱਤ ਵਿਚ ਤਿੰਨ ਗੋਲ਼ੀਆਂ ਲੱਗਣ ਦੀ ਗੱਲ ਵੀ ਸਾਹਮਣੇ ਆਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਗੋਲ਼ੀਆਂ ਚਲਾਉਣ ਦੇ ਨਾਲ-ਨਾਲ ਚਾਰ ਹਵਾਈ ਫ਼ਾਇਰ ਵੀ ਕੀਤੇ ਗਏ, ਜਿਸ ਨਾਲ ਇਲਾਕੇ ਵਿਚ ਭਾਰੀ ਹਫ਼ੜਾ ਦਫ਼ੜੀ ਮੱਚ ਗਈ। ਗੋਲੀਆਂ ਦੀਆਂ ਆਵਾਜ਼ਾਂ ਨਾਲ ਲੋਕ ਡਰ ਦੇ ਮਾਰੇ ਘਰਾਂ ਵਿਚ ਵੜ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੋਗਾ ਪੁਲਿਸ ਭਾਰੀ ਫ਼ੋਰਸ ਸਮੇਤ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀ ਮਜ਼ਦੂਰਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਿਕ ਇਕ ਮਜ਼ਦੂਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਦੂਜੇ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਸਬੰਧੀ ਮੋਗਾ ਦੇ ਐੱਸਐੱਸਪੀ ਅਜੇ ਗਾਂਧੀ ਨੇ ਕਿਹਾ ਕਿ ਦਿਨ ਦਿਹਾੜੇ ਹੋਈ ਫ਼ਾਇਰਿੰਗ ਦੀ ਘਟਨਾ ਬਹੁਤ ਗੰਭੀਰ ਹੈ ਅਤੇ ਪੁਲਿਸ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਕਿਹਾ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਛਾਪੇਮਾਰੀ ਜਾਰੀ ਹੈ। ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੌਕੇ ’ਤੇ ਪਹੁੰਚੇ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਮਲਾਵਰ ਬਾਈਕ ਜਾਂ ਸਕੂਟਰੀ ’ਤੇ ਸਵਾਰ ਸਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਫ਼ਾਇਰਿੰਗ ਦੇ ਕਾਰਨਾਂ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੀ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿਨ ਦਿਹਾੜੇ ਹੋਈ ਇਸ ਵੱਡੀ ਵਾਰਦਾਤ ਤੋਂ ਬਾਅਦ ਮੋਗਾ ਸ਼ਹਿਰ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਅਤੇ ਵਪਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਲਾਕੇ ਵਿਚ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਅਪਰਾਧੀਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।