ਟ੍ਰੈਫਿਕ ਨਿਯਮ ਤੋੜਨ ਵਾਲਿਆਂ ’ਤੇ ਕੱਸੀ ਲਗਾਮ
ਮੋਗਾ ਵਿਚ ਟ੍ਰੈਫ਼ਿਕ ਨਿਯਮਾਂ ਦੀ ਲਗਾਤਾਰ
Publish Date: Thu, 19 Mar 2026 04:37 PM (IST)
Updated Date: Fri, 20 Mar 2026 04:04 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਮੋਗਾ ਵਿਚ ਟ੍ਰੈਫ਼ਿਕ ਨਿਯਮਾਂ ਦੀ ਲਗਾਤਾਰ ਉਲੰਘਣਾ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਹੁਣ ਸਖ਼ਤ ਰਵੱਈਆ ਅਪਣਾਉਂਦਿਆਂ ਵੱਡੇ ਪੱਧਰ ’ਤੇ ਕਰੈਕਡਾਊਨ ਸ਼ੁਰੂ ਕਰ ਦਿੱਤਾ ਹੈ। ਖ਼ਾਸ ਕਰਕੇ ਬੁਲਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਵਿਚੋਂ ਨਿਕਲ ਰਹੀ ਉੱਚੀ ‘ਪਟਾਕਿਆਂ’ ਵਰਗੀ ਆਵਾਜ਼ ਨੂੰ ਲੈ ਕੇ ਟ੍ਰੈਫ਼ਿਕ ਪੁਲਿਸ ਨੇ ਇਕ ਵਿਸ਼ੇਸ਼ ਮੁਹਿੰਮ ਚਲਾਈ ਹੈ, ਜਿਸ ਨਾਲ ਸ਼ਹਿਰ ਵਿਚ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਖ਼ਤੀ ਸਾਫ਼ ਨਜ਼ਰ ਆ ਰਹੀ ਹੈ। ਵੀਰਵਾਰ ਸਵੇਰੇ ਤੋਂ ਹੀ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਅਤੇ ਭੀੜਭਾੜ ਵਾਲੇ ਇਲਾਕਿਆਂ ਵਿਚ ਟ੍ਰੈਫ਼ਿਕ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਦੋਪਹੀਆ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਕਾਗਜ਼ਾਤ, ਡ੍ਰਾਈਵਿੰਗ ਲਾਇਸੈਂਸ, ਇਨਸ਼ੋਰੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਿਹੜੇ ਵੀ ਵਾਹਨ ਚਾਲਕ ਨਿਯਮਾਂ ਦੀ ਉਲੰਘਣਾ ਕਰਦੇ ਮਿਲੇ, ਉਨ੍ਹਾਂ ਦੇ ਮੌਕੇ ’ਤੇ ਹੀ ਚਾਲਾਨ ਕੱਟ ਕੇ ਸਖ਼ਤ ਸੁਨੇਹਾ ਦਿੱਤਾ ਗਿਆ ਕਿ ਹੁਣ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਪੂਰੀ ਮੁਹਿੰਮ ਟ੍ਰੈਫ਼ਿਕ ਇੰਚਾਰਜ ਸਬਇੰਸਪੈਕਟਰ ਸੁਖਮੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਗਈ। ਉਨ੍ਹਾਂ ਦੀ ਟੀਮ ਨੇ ਹਰ ਇਕ ਵਾਹਨ ਦੀ ਤਫ਼ਤੀਸ਼ ਕਰਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਿਨ੍ਹਾਂ ਕਿਸੇ ਢਿੱਲ ਦੇ ਕਾਰਵਾਈ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਹ ਸਖ਼ਤੀ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਅਤੇ ਉੱਪ ਪੁਲਿਸ ਕਪਤਾਨ (ਟ੍ਰੈਫ਼ਿਕ) ਗੁਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਜਾ ਰਹੀ ਹੈ। ਦੋ ਦਿਨਾਂ ’ਚ 50 ਚਾਲਾਨ, ਮੁਹਿੰਮ ਹੋਈ ਤੇਜ਼ ਟ੍ਰੈਫ਼ਿਕ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਚੱਲੀ ਮੁਹਿੰਮ ਦੌਰਾਨ ਲਗਭਗ 30 ਵਾਹਨ ਚਾਲਕਾਂ ਦੇ ਚਾਲਾਨ ਕੀਤੇ ਗਏ ਸਨ। ਇਸ ਤੋਂ ਬਾਅਦ ਵੀਰਵਾਰ ਸਵੇਰੇ ਤੋਂ ਮੁੜ ਕਾਰਵਾਈ ਤੇਜ਼ ਕਰਦਿਆਂ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ, ਜਿੱਥੇ 20 ਹੋਰ ਚਾਲਾਨ ਕੱਟੇ ਗਏ। ਇਸ ਤਰ੍ਹਾਂ ਸਿਰਫ਼ ਦੋ ਦਿਨਾਂ ਵਿਚ ਕੁੱਲ 50 ਵਾਹਨ ਚਾਲਕਾਂ ਨੂੰ ਨਿਯਮ ਤੋੜਨ ’ਤੇ ਜ਼ੁਰਮਾਨਾ ਭਰਨਾ ਪਿਆ। ਇਹ ਅੰਕੜੇ ਸਾਫ਼ ਦਰਸਾਉਂਦੇ ਹਨ ਕਿ ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਿੰਨੀ ਵੱਡੀ ਸਮੱਸਿਆ ਬਣ ਚੁੱਕੀ ਹੈ ਅਤੇ ਇਸ ’ਤੇ ਕਾਬੂ ਪਾਉਣ ਲਈ ਪੁਲਿਸ ਨੂੰ ਸਖ਼ਤ ਕਦਮ ਚੁੱਕਣੇ ਪੈ ਰਹੇ ਹਨ। ਬੁਲਟ ਦੇ ‘ਪਟਾਕਿਆਂ’ ’ਤੇ ਖ਼ਾਸ ਕਾਰਵਾਈ ਮੁਹਿੰਮ ਦੌਰਾਨ ਸਭ ਤੋਂ ਵੱਧ ਧਿਆਨ ਉਨ੍ਹਾਂ ਬੁਲਟ ਮੋਟਰਸਾਈਕਲਾਂ ’ਤੇ ਕੇਂਦ੍ਰਿਤ ਕੀਤਾ ਗਿਆ, ਜਿਨ੍ਹਾਂ ਦੇ ਸਾਈਲੈਂਸਰਾਂ ਵਿਚ ਤਬਦੀਲੀ ਕਰਕੇ ਉੱਚੀ ਅਤੇ ਪਟਾਕਿਆਂ ਵਰਗੀ ਆਵਾਜ਼ ਪੈਦਾ ਕੀਤੀ ਜਾ ਰਹੀ ਸੀ। ਅਜਿਹੀਆਂ ਆਵਾਜ਼ਾਂ ਨਾ ਸਿਰਫ਼ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ, ਸਗੋਂ ਇਹ ਟ੍ਰੈਫ਼ਿਕ ਨਿਯਮਾਂ ਦੀ ਵੀ ਖੁੱਲ੍ਹੀ ਉਲੰਘਣਾ ਹਨ। ਇਸ ਤੋਂ ਇਲਾਵਾ ਬਿਨ੍ਹਾਂ ਨੰਬਰ ਪਲੇਟ ਵਾਲੇ ਵਾਹਨ, ਅਧੂਰੇ ਦਸਤਾਵੇਜ਼ਾਂ ਨਾਲ ਚੱਲ ਰਹੇ ਵਾਹਨ ਅਤੇ ਹੋਰ ਤਰ੍ਹਾਂ ਦੀਆਂ ਖ਼ਾਮੀਆਂ ਵਾਲੇ ਵਾਹਨ ਵੀ ਪੁਲਿਸ ਦੇ ਨਿਸ਼ਾਨੇ ’ਤੇ ਰਹੇ। ਕਿਸੇ ਨੂੰ ਵੀ ਛੋਟ ਨਹੀਂ ਦਿੱਤੀ ਗਈ ਅਤੇ ਹਰ ਉਲੰਘਣਾ ’ਤੇ ਤੁਰੰਤ ਕਾਰਵਾਈ ਕੀਤੀ ਗਈ। ਪੁਲਿਸ ਦੀ ਸਪੱਸ਼ਟ ਚੇਤਾਵਨੀ ਟ੍ਰੈਫ਼ਿਕ ਇੰਚਾਰਜ ਸੁਖਮੰਦਰ ਸਿੰਘ ਨੇ ਵਾਹਨ ਚਾਲਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਰੇ ਲੋਕ ਆਪਣੇ ਵਾਹਨਾਂ ਦੇ ਜ਼ਰੂਰੀ ਦਸਤਾਵੇਜ਼ ਪੂਰੇ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਕਿਸੇ ਵੀ ਬੁਲਟ ਮੋਟਰਸਾਈਕਲ ਦੇ ਸਾਈਲੈਂਸਰ ਤੋਂ ਪਟਾਕਿਆਂ ਵਰਗੀ ਆਵਾਜ਼ ਆਈ ਤਾਂ ਉਸ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲਗਾਤਾਰ ਜਾਰੀ ਰਹੇਗੀ ਮੁਹਿੰਮ ਪੁਲਿਸ ਪ੍ਰਸ਼ਾਸਨ ਨੇ ਇਹ ਵੀ ਦੱਸਿਆ ਕਿ ਇਹ ਮੁਹਿੰਮ ਸਿਰਫ਼ ਇਕ-ਅੱਧ ਦਿਨ ਦੀ ਨਹੀਂ, ਸਗੋਂ ਆਉਣ ਵਾਲੇ ਸਮੇਂ ਵਿਚ ਵੀ ਲਗਾਤਾਰ ਜਾਰੀ ਰਹੇਗੀ। ਇਸ ਦਾ ਮੁੱਖ ਮਕਸਦ ਸ਼ਹਿਰ ਵਿਚ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਬਣਾਉਣਾ, ਲੋਕਾਂ ਵਿਚ ਕਾਨੂੰਨ ਦੀ ਪਾਲਣਾ ਦੀ ਜਾਗਰੂਕਤਾ ਪੈਦਾ ਕਰਨੀ ਅਤੇ ਸੜਕ ਹਾਦਸਿਆਂ ਵਿਚ ਕਮੀ ਲਿਆਉਣਾ ਹੈ। ਪੁਲਿਸ ਦੇ ਇਸ ਸਖ਼ਤ ਰੁਖ਼ ਨਾਲ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਮੋਗਾ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਆਉਣ ਵਾਲੇ ਦਿਨ ਆਸਾਨ ਨਹੀਂ ਰਹਿਣਗੇ।